''ਗ੍ਰੇ ਲਿਸਟ'' ''ਚੋਂ ਬਾਹਰ ਨਿਕਲਣ ਲਈ ਪਾਕਿ ਬੇਚੈਨ, ਵਿਦੇਸ਼ ਮੰਤਰੀ ਨੇ ਕੀਤੀ ਅਪੀਲ

01/25/2020 6:45:01 PM

ਇਸਲਾਮਾਬਾਦ- ਪਾਕਿਸਤਾਨ ਫਾਈਨੈਂਸ਼ੀਅਲ ਟਾਸਕ ਫੋਰਸ (ਐਫ.ਏ.ਟੀ.ਐਫ.) ਦੀ ਗ੍ਰੇ ਲਿਸਟ ਵਿਚੋਂ ਬਾਹਰ ਨਿਕਲਣ ਦੇ ਲਈ ਇਹਨੀਂ ਦਿਨੀਂ ਬੇਹੱਦ ਬੇਚੈਨ ਨਜ਼ਰ ਆ ਰਿਹਾ ਹੈ ਤੇ ਇਸ ਮਾਮਲੇ ਵਿਚ ਅਮਰੀਕਾ ਨੂੰ ਵੀ ਅਪੀਲ ਕਰ ਚੁੱਕਾ ਹੈ। ਪਾਕਿਸਤਾਨ ਦੇ ਗ੍ਰੇ ਲਿਸਟ ਵਿਚੋਂ ਬਾਹਰ ਆਉਣ ਦੀ ਵਕਾਲਤ ਕਰਦੇ ਹੋਏ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹਨਾਂ ਦੇ ਦੇਸ਼ ਨੂੰ ਸਿਧਾਂਤਕ ਆਧਾਰ 'ਤੇ ਇਸ ਵਿਚੋਂ ਬਾਹਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਸ ਨੇ ਐਫ.ਏ.ਟੀ.ਐਫ. ਦੇ ਲਈ ਜ਼ਰੂਰੀ ਖੇਤਰਾਂ ਵਿਚ ਜ਼ਿਕਰਯੋਗ ਵਿਕਾਸ ਕੀਤਾ ਹੈ।

ਡਾਨ ਅਖਬਾਰ ਮੁਤਾਬਕ ਪਾਕਿਸਤਾਨ ਫਰਵਰੀ ਵਿਚ ਐਫ.ਏ.ਟੀ.ਐਫ. ਦੀ ਗ੍ਰੇ ਲਿਸਟ ਵਿਚੋਂ ਬਾਹਰ ਆਉਣ ਦੀ ਉਮੀਦ ਵਿਚ ਹੈ। ਐਫ.ਏ.ਟੀ.ਐਫ. ਨੇ 2018 ਵਿਚ ਫੈਸਲਾ ਕੀਤਾ ਸੀ ਕਿ ਪਾਕਿਸਤਾਨ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ ਦੇ ਖਿਲਾਫ ਲੋੜੀਂਦੇ ਕਦਮ ਚੁੱਕਣ ਵਿਚ ਅਸਫਲ ਰਿਹਾ ਹੈ। ਐਫ.ਏ.ਟੀ.ਐਫ. ਨੇ ਇਸ ਤੋਂ ਬਾਅਦ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾ ਦਿੱਤਾ।

ਪਹਿਲਾਂ ਤੋਂ ਹੀ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਪਾਏ ਜਾਣ ਨਾਲ ਉਸ 'ਤੇ ਆਰਥਿਕ ਪਾਬੰਦੀ ਲੱਗ ਗਈ। ਐਫ.ਏ.ਟੀ.ਐਫ. ਨੇ ਅਕਤੂਬਰ 2019 ਵਿਚ ਇਕ ਬੈਠਕ ਵਿਚ ਪਾਕਿਸਤਾਨ ਵਲੋਂ ਮਨੀ ਲਾਂਡ੍ਰਿੰਗ ਤੇ ਟੈਰਰ ਫੰਡਿੰਗ ਦੇ ਖਿਲਾਫ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ ਸੀ। ਬੈਠਕ ਵਿਚ ਹਾਲਾਂਕਿ ਪਤਾ ਲੱਗਿਆ ਕਿ ਪਾਕਿਸਤਾਨ ਨੂੰ ਇਸ ਦਿਸ਼ਾ ਵਿਚ ਹੋਰ ਕਦਮ ਚੁੱਕਣੇ ਹੋਣਗੇ ਤੇ ਆਪਣੇ ਫੈਸਲੇ ਦੀ ਸਮੀਖਿਆ ਕਰਨ ਦੇ ਲਈ ਇਸ ਸਾਲ ਫਰਵਰੀ ਵਿਚ ਬੈਠਕ ਕਰਨ ਦਾ ਫੈਸਲਾ ਕੀਤਾ।

ਕੁਰੈਸ਼ੀ ਨੇ ਸ਼ੁੱਕਰਵਾਰ ਨੂੰ ਮੁਲਤਾਨ ਵਿਚ ਕਿਹਾ ਕਿ ਹਾਲ ਵਿਚ ਹੀ ਬੀਜਿੰਗ ਵਿਚ ਹੋਈ ਐਫ.ਏ.ਟੀ.ਐਫ. ਦੀ ਬੈਠਕ ਵਿਚ ਪਾਕਿਸਤਾਨ ਨੇ ਆਪਣਾ ਪੱਖ ਰੱਖਿਆ। ਅਸੀਂ ਮੈਂਬਰ ਦੇਸ਼ਾਂ ਦੇ ਸਾਹਮਣੇ ਉਹ ਕਦਮ ਪੇਸ਼ ਕੀਤੇ, ਜੋ ਅਸੀਂ ਪਿਛਲੇ 10 ਮਹੀਨਿਆਂ ਵਿਚ ਚੁੱਕੇ ਸਨ। ਮੰਤਰੀ ਨੇ ਕਿਹਾ ਕਿ ਹੋਰ ਮੈਂ ਇਹ ਦੱਸਦੇ ਹੋਏ ਖੁਸ਼ ਹਾਂ ਕਿ ਸਾਰਿਆਂ ਨੇ ਸਾਡੇ ਕਦਮਾਂ ਦੀ ਸ਼ਲਾਘਾ ਕੀਤੀ ਹੈ ਤੇ ਕਿਹਾ ਕਿ ਪਿਛਲੇ 10 ਮਹੀਨਿਆਂ ਵਿਚ ਕੀਤਾ ਗਿਆ ਵਿਕਾਸ ਪਿਛਲੇ 10 ਸਾਲਾਂ ਤੋਂ ਵੀ ਜ਼ਿਆਦਾ ਹੈ।

Baljit Singh

This news is Content Editor Baljit Singh