ਕਰਾਚੀ 'ਚ ਧੂੜ ਭਰੀ ਹਨੇਰੀ, ਤਿੰਨ ਲੋਕਾਂ ਦੀ ਮੌਤ ਤੇ 20 ਜ਼ਖਮੀ

04/15/2019 1:58:41 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ ਧੂੜ ਭਰੀ ਹਨੇਰੀ ਚੱਲਣ ਦੀ ਜਾਣਕਾਰੀ ਮਿਲੀ ਹੈ। ਇਸ ਹਨੇਰੀ ਵਿਚ ਹੁਣ ਤੱਕ ਤਿੰਨ ਲੋਕਾਂ ਦੇ ਮਰਨ ਅਤੇ 20 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਕਰਾਚੀ ਮਹਾਨਗਰ ਵਿਚ ਐਤਵਾਰ ਦੀ ਰਾਤ ਤੋਂ ਹੀ ਧੂੜ ਭਰੀ ਹਨੇਰੀ ਸ਼ੁਰੂ ਹੋਈ ਜੋ ਸੋਮਵਾਰ ਸਵੇਰੇ ਤੱਕ ਜਾਰੀ ਰਹੀ। ਹਨੇਰੀ ਕਾਰਨ ਪੂਰੇ ਸ਼ਹਿਰ ਵਿਚ ਹਰੇਕ ਜਗ੍ਹਾ ਧੂੜ ਨਜ਼ਰ ਆ ਰਹੀ ਹੈ। ਹਨੇਰੀ ਕਾਰਨ ਥਾਂ-ਥਾਂ 'ਤੇ ਰੁੱਖ ਡਿੱਗ ਗਏ ਅਤੇ ਕੁਝ ਇਲਾਕਿਆਂ ਵਿਚ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ। 

ਲਾਂਧੀ, ਮਲੀਰ, ਲਿਆਰੀ, ਕੋਰਾਂਗੀ, ਪੀਪਲਜ਼ ਚੌਰੰਗੀ ਅਤੇ ਸੁਜਨੀ ਟਾਊਨ ਵਿਚ ਕੰਧਾਂ ਅਤੇ ਛੱਤਾਂ ਦੇ ਡਿੱਗਣ ਦੀਆਂ ਖਬਰਾਂ ਹਨ। ਪੀਪਲਜ਼ ਚੌਰੰਗੀ ਨੇੜੇ ਇਕ ਰੁੱਖ ਦੇ ਹੇਠਾਂ ਦੱਬੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਵੱਖ-ਵੱਖ ਘਟਨਾਵਾਂ ਵਿਚ ਦੋ ਬੱਚਿਆਂ ਦੀ ਵੀ ਮੌਤ ਹੋ ਗਈ। ਬਚਾਅ ਕੰਮ ਵਿਚ ਲੱਗੇ ਸੂਤਰਾਂ ਮੁਤਾਬਕ ਟੀਪੂ ਸੁਲਤਾਨ ਰੋਡ 'ਤੇ ਇਕ ਸਕੂਲ ਦੀ ਛੱਤ ਡਿੱਗ ਜਾਣ ਕਾਰਨ 5 ਬੱਚੇ ਦੱਬੇ ਗਏ। ਬੱਚਿਆਂ ਨੂੰ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

ਰੇਹਰੀ ਗੋਠ ਵਿਚ ਮਛੇਰਿਆਂ ਦੀ ਇਕ ਕਿਸ਼ਤੀ ਪਲਟਣ ਦੀ ਖਬਰ ਹੈ ਜਿਸ ਵਿਚ ਸਵਾਰ 8 ਮਛੇਰੇ ਲਾਪਤਾ ਦੱਸੇ ਜਾ ਰਹੇ ਹਨ। ਪਾਕਿਸਤਾਨ ਮੌਸਮ ਵਿਭਾਗ ਦੇ ਨਿਦੇਸ਼ਕ ਸਰਦਾਰ ਸਰਫਰਾਜ਼ ਨੇ ਦੱਸਿਆ,''ਬੀਤੀ ਰਾਤ ਧੂੜ ਭਰੀ ਹਨੇਰੀ ਦੀ ਤੀਬਰਤਾ ਉਮੀਦ ਨਾਲੋਂ ਜ਼ਿਆਦਾ ਸੀ। ਹਵਾਵਾਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀਆਂ ਸਨ ਅਤੇ ਦ੍ਰਿਸ਼ਤਾ ਘੱਟ ਕੇ 500 ਮੀਟਰ ਰਹਿ ਗਈ ਸੀ।''

Vandana

This news is Content Editor Vandana