ਪਾਕਿ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਝੂਲਿਆ ਕੇਸਰੀ ਨਿਸ਼ਾਨ

06/28/2019 1:31:59 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਵਿਚਲੇ ਕਿਲਾ ਬਾਬਾ ਹਿਸਾਰ ਵਿਚ ਪਿਸ਼ਾਵਰੀ ਸਿੱਖ ਭਾਈਚਾਰੇ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਸਮਾਗਮ ਮੌਕੇ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ। ਇਸ ਤੋਂ ਪਹਿਲਾਂ ਲਾਹੌਰ ਦੇ ਇਤਿਹਾਸਿਕ ਕਿਲੇ ਵਿਚ ਵੀਰਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ 180ਵੀਂ ਬਰਸੀ ਦੇ ਮੌਕੇ ਉਨ੍ਹਾਂ ਦੀ 330 ਕਿਲੋਗ੍ਰਾਮ ਵਜ਼ਨੀ 8 ਫੁੱਟ ਉੱਚੀ ਆਦਮਕੱਦ ਮੂਰਤੀ ਦਾ ਉਦਘਾਟਨ ਕੀਤਾ ਗਿਆ। ਇਕ ਅਖਬਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਭਾਈ ਜੋਗਾ ਸਿੰਘ ਦੇ ਹੈੱਡ ਗ੍ਰੰਥੀ ਚਰਨਜੀਤ ਸਿੰਘ ਨੇ  ਦੱਸਿਆ ਕਿ ਪਿਸ਼ਾਵਰ ਦੀ ਗੁਰੂ ਕਲਗੀਧਰ ਸਿੰਘ ਸਭਾ ਗੁਰਦੁਆਰਾ ਭਾਈ ਜੋਗਾ ਸਿੰਘ ਕਮੇਟੀ ਅਤੇ ਸਿੱਖ ਆਗੂ ਗੁਰਪਾਲ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਵੀਰਵਾਰ ਸ਼ਾਮ ਪਾਕਿਸਤਾਨੀ ਫੌਜ ਦੇ ਅਧਿਕਾਰ ਅਧੀਨ ਉਕਤ ਕਿਲੇ ਵਿਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮਨਾਈ ਗਈ। 

ਇਸ ਮੌਕੇ ਪਾਕਿਸਤਾਨੀ ਸਮੇਂ ਮੁਤਾਬਕ ਸ਼ਾਮ 6:30 ਵਜੇ ਤੋਂ ਰਾਤ 8:30 ਵਜੇ ਤੱਕ ਕਿਲੇ ਦੀ ਗਰਾਊਂਡ ਵਿਚ ਮਾਸਟਰ ਦਵਿੰਦਰ ਸਿੰਘ ਦੇ ਜੱਥੇ ਨੇ ਸ੍ਰੀ ਰਹਿਰਾਸ ਸਾਹਿਬ ਦਾ ਪਾਠ, ਭਾਈ ਜੋਗਿੰਦਰ ਸਿੰਘ ਦੇ ਜੱਥੇ ਨੇ ਆਰਤੀ, ਭਾਈ ਤਲਵਿੰਦਰ ਸੰਘ ਦੇ ਜੱਥੇ ਨੇ ਸ੍ਰੀ ਆਨੰਦ ਸਾਹਿਬ ਦਾ ਪਾਠ ਅਤੇ ਭਾਈ ਕ੍ਰਿਸ਼ਨ ਸਿੰਘ, ਭਾਈ ਸੰਤੋਖ ਸਿੰਘ, ਭਾਈ ਸਰਦੀਪ ਸਿੰਘ ਤੇ ਭਾਈ ਅਮਰਜੀਤ ਸਿੰਘ ਦੇ ਰਾਗੀ ਜੱਥਿਆਂ ਸਮੇਤ ਪਿਸ਼ਾਵਰ ਦੇ ਭਾਈ ਜੋਗਾ ਸਿੰਘ ਧਾਰਮਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। 

ਇਸ ਦੌਰਾਨ ਭਾਈ ਸਰਦੀਪ ਸਿੰਘ ਵੱਲੋਂ ਹਾਜ਼ਰ ਸੰਗਤ ਅਤੇ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਸਮਾਗਮ ਦੇ ਅਖੀਰ ਵਿਚ ਭਾਈ ਇੰਦਰਜੀਤ ਸਿੰਘ ਵੱਲੋਂ ਅਰਦਾਸ ਅਤੇ ਭਾਈ ਮਨਿੰਦਰ ਸਿੰਘ ਵੱਲੋਂ ਹੁਕਮਨਾਮਾ ਲਿਆ ਗਿਆ। ਇਸ ਮੌਕੇ 'ਤੇ ਬਾਬਾ ਅਮੀਰ ਸਿੰਘ, ਵਜ਼ੀਰ ਸਿੰਘ, ਮੱਖਣ ਸਿੰਘ, ਹਰਮੀਤ ਸਿੰਘ, ਬਲਬੀਰ ਸਿੰਘ, ਪਪਿੰਦਰ ਸਿੰਘ, ਜਤਿੰਦਰ ਸਿੰਘ, ਸਿੰਘ ਸਾਹਿਬ ਭਾਈ ਸੁਜਾਨ ਸਿੰਘ ਅਤੇ 300 ਦੇ ਲੱਗਭਗ ਪਿਸ਼ਾਵਰੀ ਸਿੱਖ ਸੰਗਤ ਨੇ ਹਾਜ਼ਰੀ ਭਰੀ। ਗੁਰਪਾਲ ਸਿੰਘ ਨੇ ਦੱਸਿਆ ਕਿ ਲਾਹੌਰ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਮਨਾਈ ਜਾਵੇਗੀ। ਜਿਸ ਵਿਚ ਸ਼ਾਮਲ ਹੋਣ ਲਈ ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਪਹੁੰਚੇਗਾ।

Vandana

This news is Content Editor Vandana