ਹੁਣ ਪਾਕਿਸਤਾਨ 'ਚ ਬਣੇਗੀ 'ਚੀਨੀ ਨਾਗਰਿਕਾਂ' ਲਈ ਸਪੈਸ਼ਲ ਕਾਲੋਨੀ

08/21/2018 4:25:55 PM

ਇਸਲਾਮਾਬਾਦ (ਬਿਊਰੋ)— ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੇ ਤਹਿਤ ਚੀਨ ਗਵਾਦਰ ਵਿਚ ਆਪਣੇ 5 ਲੱਖ ਨਾਗਰਿਕਾਂ ਲਈ 15 ਕਰੋੜ ਡਾਲਰ ਦੀ ਲਾਗਤ ਨਾਲ ਇਕ ਸ਼ਹਿਰ ਬਣਾ ਰਿਹਾ ਹੈ। ਦੱਖਣੀ ਏਸ਼ੀਆ ਵਿਚ ਇਹ ਆਪਣੀ ਤਰ੍ਹਾਂ ਦਾ ਚੀਨ ਦਾ ਪਹਿਲਾ ਸ਼ਹਿਰ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਸਤਾਵਿਤ ਸ਼ਹਿਰ ਵਿਚ ਸਾਲ 2022 ਤੋਂ ਕਰੀਬ 5 ਲੱਖ ਲੋਕ ਰਹਿਣਾ ਸ਼ੁਰੂ ਕਰਨਗੇ। ਚੀਨ ਦੀ ਯੋਜਨਾ ਮੁਤਾਬਕ ਇਹ ਲੋਕ ਪਾਕਿਸਤਾਨੀ ਬੰਦਰਗਾਹ ਗਵਾਦਰ 'ਤੇ ਬਣਨ ਵਾਲੇ ਵਿੱਤੀ ਜ਼ਿਲੇ ਵਿਚ ਕੰਮ ਕਰਨਗੇ। ਇਸ ਰਿਹਾਇਸ਼ੀ ਇਲਾਕੇ ਵਿਚ ਸਿਰਫ ਚੀਨ ਦੇ ਨਾਗਰਿਕ ਹੀ ਰਹਿਣਗੇ। ਇਸ ਦਾ ਮਤਲਬ ਇਹ ਹੈ ਕਿ ਪਾਕਿਸਤਾਨ ਦੇ ਇਸ ਖੇਤਰ ਦੀ ਵਰਤੋਂ ਚੀਨ ਦੀ 'ਕਾਲੋਨੀ ਮਤਲਬ ਬਸਤੀਵਾਦ' ਦੇ ਤੌਰ 'ਤੇ ਹੋਵੇਗੀ। 

ਜਾਣਕਾਰੀ ਮੁਤਾਬਕ ਚੀਨ-ਪਾਕਿਸਤਾਨ ਇਨਵੈਸਟਮੈਂਟ ਕਾਰਪੋਰੇਸ਼ਨ ਨੇ ਗਵਾਦਰ ਵਿਚ 36 ਲੱਖ ਵਰਗ ਫੁੱਟ ਦੀ ਜ਼ਮੀਨ ਖਰੀਦੀ ਹੈ। ਇਸ ਜ਼ਮੀਨ 'ਤੇ ਉਹ 15 ਕਰੋੜ ਡਾਲਰ ਵਿਚ ਇਕ ਰਿਹਾਇਸ਼ੀ ਪ੍ਰਾਜੈਕਟ ਬਣਾਏਗਾ। ਚੀਨ ਨੇ ਅਫਰੀਕਾ ਅਤੇ ਸੈਂਟਰਲ ਏਸ਼ੀਆ ਵਿਚ ਪ੍ਰਾਜੈਕਟ 'ਤੇ ਕੰਮ ਕਰਨ ਵਾਲੇ ਆਪਣੇ ਨਾਗਰਿਕਾਂ ਲਈ ਇੱਥੇ ਕੰਪਲੈਕਸ ਅਤੇ ਸਬ ਸਿਟੀ ਤਿਆਰ ਕੀਤੀ ਹੈ। ਚੀਨੀ ਨਾਗਰਿਕਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੂਰਬੀ ਰੂਸ ਅਤੇ ਮਿਆਂਮਾਰ ਦੇ ਉੱਤਰ ਦੇ ਕੁਝ ਹਿੱਸਿਆਂ 'ਤੇ ਕਬਜ਼ਾ ਕਰ ਲਿਆ ਹੈ। ਚੀਨੀ ਨਾਗਰਿਕਾਂ ਦੇ ਇਸ ਤਰ੍ਹਾਂ ਦੇ ਰਿਹਾਇਸ਼ੀ ਪ੍ਰਾਜੈਕਟ ਨੂੰ ਲੈ ਕੇ ਸਥਾਨਕ ਲੋਕਾਂ ਵਿਚ ਨਾਰਾਜ਼ਗੀ ਹੈ।

ਚੀਨ ਨੇ ਪਾਕਿਸਤਾਨ ਦੀ ਪਾਈਪਲਾਈਨਜ਼, ਰੇਲਵੇ ਹਾਈਵੇਅ, ਪਾਵਰ ਪਲਾਂਟਸ, ਉਦਯੋਗਿਕ ਖੇਤਰ ਅਤੇ ਮੋਬਾਇਲ ਨੈੱਟਵਰਕ ਵਿਚ ਨਿਵੇਸ਼ ਕੀਤਾ ਹੈ। ਇਨ੍ਹਾਂ ਵਿਚ ਚੀਨ ਦੇ ਉਸਾਰੀ ਅਧੀਨ ਸ਼ਹਿਰਾਂ ਲਈ ਮਾਲ ਲਿਆਉਣ ਅਤੇ ਲਿਜਾਣ ਲਈ ਸੁਰੱਖਿਅਤ ਅਤੇ ਚੰਗੀ ਸ਼ਿਪਿੰਗ ਲੇਨ ਅਤੇ ਰੇਲਵੇ, ਬਲਾਕਚੇਨ ਤਕਨਾਲੋਜੀ ਨਾਲ ਬਣਿਆ ਨਵਾਂ ਫ੍ਰੀ ਜ਼ੋਨ ਵੀ ਸ਼ਾਮਲ ਹੈ। ਜਾਣਕਾਰੀ ਮੁਤਾਬਕ 39 ਪ੍ਰਸਤਾਵਿਤ ਸੀ.ਪੀ.ਈ.ਸੀ. ਪ੍ਰਾਜੈਕਟਾਂ ਵਿਚੋਂ 19 ਜਾਂ ਤਾਂ ਪੂਰੇ ਹੋ ਗਏ ਹਨ ਜਾਂ ਪੂਰੇ ਹੋਣ ਵਾਲੇ ਹਨ। ਇਹ ਸਾਰੇ ਨਿਵੇਸ਼ ਬਾਰਡਰ ਰੋਡ ਇਨੀਸ਼ੀਏਟਿਵ (ਬੀ.ਆਰ.ਈ.) ਅਤੇ ਸੀ.ਪੀ.ਈ.ਸੀ. ਦੇ ਤਹਿਤ ਕੀਤੇ ਗਏ ਹਨ। ਬੀ.ਆਰ.ਆਈ. 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜੇ ਇਹ ਪ੍ਰਾਜੈਕਟ ਸਫਲ ਹੁੰਦਾ ਹੈ ਤਾਂ ਵਿਸ਼ਵ ਵਪਾਰ ਵਿਚ ਚੀਨ ਦਾ ਦਖਲ ਹੋਰ ਵਧੇਗਾ। ਗਵਾਦਰ ਨੂੰ ਕਾਰਗੋ ਸ਼ਿਪ ਦੀ ਆਵਾਜਾਈ ਲਈ ਤਿਆਰ ਕੀਤਾ ਜਾ ਰਿਹਾ ਹੈ। ਸੀ.ਪੀ.ਈ.ਸੀ. ਦੂਜੇ ਦੇਸ਼ ਵਿਚ ਚੀਨ ਵੱਲੋਂ ਕੀਤਾ ਗਿਆ ਸਭ ਤੋਂ ਵੱਡਾ ਨਿਵੇਸ਼ ਹੈ।