ਪਾਕਿ 'ਚ ਪੰਜਾਬ ਦੇ ਚੁਣੇ ਗਏ ਨਵੇਂ ਮੁੱਖ ਮੰਤਰੀ ਬੁਜ਼ਦਾਰ 'ਤੇ ਹੱਤਿਆਵਾਂ ਦਾ ਦੋਸ਼

08/20/2018 10:58:12 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਪੰਜਾਬ ਸੂਬੇ ਦੇ ਚੁਣੇ ਗਏ ਨਵੇਂ ਮੁੱਖ ਮੰਤਰੀ ਸਰਦਾਰ ਉਸਮਾਨ ਅਹਿਮਦ ਖਾਨ ਬੁਜ਼ਦਾਰ 'ਤੇ ਹੱਤਿਆਵਾਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਵਿਰੋਧੀ ਧਿਰ ਦਾ ਦਾਅਵਾ ਹੈ ਕਿ ਬੁਜ਼ਦਾਰ ਹੱਤਿਆਵਾਂ ਦੇ ਮਾਮਲਿਆਂ ਵਿਚ ਸ਼ਾਮਲ ਰਿਹਾ ਹੈ ਅਤੇ ਪੀੜਤ ਪਰਿਵਾਰਾਂ ਨੂੰ 75 ਲੱਖ ਦੀ ਬਲੱਡਮਨੀ ਦੇਣ ਦੇ ਬਾਅਦ ਬਰੀ ਹੋਇਆ ਸੀ। ਪੀ.ਟੀ.ਆਈ. ਦੇ ਉਮੀਦਵਾਰ ਬੁਜ਼ਦਾਰ ਨੂੰ ਐਤਵਾਰ ਨੂੰ ਪੰਜਾਬ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ। ਉਸ ਨੇ ਆਪਣੇ ਵਿਰੋਧੀ ਪੀ.ਐੱਮ.ਐੱਲ.-ਐੱਨ. ਦੇ ਉਮੀਦਵਾਰ ਹਮਜ਼ਾ ਸ਼ਾਹਬਾਜ਼ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਬੁਜ਼ਦਾਰ ਨੂੰ 186 ਵੋਟ ਹਾਸਲ ਹੋਏ ਜਦਕਿ ਹਮਜ਼ਾ ਨੂੰ 159 ਵੋਟ ਮਿਲੇ। ਇੱਥੇ ਦੱਸ ਦਈਏ ਕਿ ਹਮਜ਼ਾ ਪੀ.ਐੱਮ.ਐੱਨ.-ਐੱਨ. ਦੇ ਪ੍ਰਮੁੱਖ ਸ਼ਾਹਬਾਜ਼ ਸ਼ਰੀਫ ਦੇ ਬੇਟੇ ਹਨ।

ਸਾਲ 1998 ਦੀਆਂ ਸਥਾਨਕ ਚੋਣਾਂ ਦੌਰਾਨ ਬੁਜ਼ਦਾਰ ਕਬੀਲੇ ਦੇ ਹੀ ਚਕਰਾਨੀ ਕੁਨਬੇ ਦੇ ਭਾਈਚਾਰੇ ਦੇ 6 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਕਤਲਕਾਂਡ ਵਿਚ ਬੁਜ਼ਦਾਰ ਅਤੇ ਉਸ ਦੇ ਪਿਤਾ ਨੂੰ ਵੀ ਦੋਸ਼ੀ ਠਹਿਰਾਇਆ ਗਿਆ ਸੀ। ਡੇਰਾਗਾਜ਼ੀ ਖਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਬੁਜ਼ਦਾਰ ਅਤੇ ਉਸ ਦੇ ਪਿਤਾ ਨੂੰ ਹੱਤਿਆਵਾਂ ਦਾ ਦੋਸ਼ੀ ਕਰਾਰ ਦਿੱਤਾ। ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਵਜੂਦ ਪੀੜਤ ਪਰਿਵਾਰਾਂ ਅਤੇ ਦੋਸ਼ੀਆਂ ਵਿਚਕਾਰ ਸੁਲਹ ਲਈ ਪੰਚਾਇਤ ਬੁਲਾਈ ਗਈ ਅਤੇ ਬਲੱਡਮਨੀ ਦੇ ਤੌਰ 'ਤੇ 75 ਲੱਖ ਦੀ ਰਾਸ਼ੀ ਤੈਅ ਹੋਈ। ਇਸ ਤਰ੍ਹਾਂ ਬੁਜ਼ਦਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਬਲੱਡਮਨੀ ਦੇ ਕੇ ਕੇਸ ਵਿਚੋਂ ਆਪਣਾ ਨਾਮ ਹਟਵਾਇਆ ਸੀ। 

ਭਾਵੇਂਕਿ ਬੁਜ਼ਦਾਰ ਦਾ ਕਹਿਣਾ ਹੈ ਕਿ ਉਸ 'ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਹੱਤਿਆ ਦੇ ਇਲਾਵਾ ਬੁਜ਼ਦਾਰ 'ਤੇ ਟੌਂਸਾ ਸ਼ਰੀਫ ਦਾ ਜ਼ਿਲਾ ਪੰਚਾਇਤ ਪ੍ਰਧਾਨ ਰਹਿੰਦੇ ਹੋਏ ਸਾਲ 2001 ਤੋਂ ਸਾਲ 2008 ਦੇ ਦੌਰਾਨ 300 ਤੋਂ ਵਧੇਰੇ ਫਰਜ਼ੀ ਨਿਯੁਕਤੀਆਂ ਕਰਨ ਦਾ ਦੋਸ਼ ਵੀ ਲੱਗਾ ਸੀ। ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇਸ ਮਾਮਲੇ ਦੀ ਜਾਂਚ ਵੀ ਸ਼ੁਰੂ ਕੀਤੀ ਸੀ ਪਰ ਸਤੰਬਰ 2016 ਵਿਚ ਅਚਾਨਕ ਇਹ ਜਾਂਚ ਬੰਦ ਕਰ ਦਿੱਤੀ ਗਈ।