ਪਾਕਿਸਤਾਨ ''ਚ ਬੰਬ ਧਮਾਕੇ ਨਾਲ 7 ਪੁਲਸ ਕਰਮਚਾਰੀਆਂ ਦੀ ਮੌਤ, 22 ਜ਼ਖਮੀ

10/18/2017 12:28:48 PM

ਕਰਾਚੀ(ਭਾਸ਼ਾ)— ਪਾਕਿਸਤਾਨ ਦੇ ਦੱਖਣੀ ਪੱਛਮੀ ਸ਼ਹਿਰ ਕਵੇਟਾ ਵਿਚ ਪੁਲਸ ਦੇ ਇਕ ਟਰੱਕ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਘੱਟ ਤੋਂ ਘੱਟ 7 ਪੁਲਸ ਕਰਮਚਾਰੀ ਮਾਰੇ ਗਏ ਅਤੇ 22 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਕ ਖਬਰ ਵਿਚ ਦੱਸਿਆ ਗਿਆ ਹੈ ਕਿ ਪੁਲਸ ਦਾ ਇਕ ਵਾਹਨ 35 ਪੁਲਸ ਕਰਮਚਾਰੀਆਂ ਨੂੰ ਲੈ ਕੇ ਕਵੇਟਾ ਸਿੱਬੀ ਰੋਡ ਉੱਤੇ ਸਰਿਆਬ ਮਿਲ ਇਲਾਕੇ ਤੋਂ ਲੰਘ ਰਿਹਾ ਸੀ। ਸ਼ੁਰੂਆਤੀ ਖਬਰਾਂ ਅਨੁਸਾਰ, ਸੁਰੱਖਿਆ ਸੂਤਰਾਂ ਨੇ ਉਸੀ ਦੌਰਾਨ ਸੜਕ ਦੇ ਕੰਡੇ ਬੰਬ ਧਮਾਕੇ ਹੋਣ ਦਾ ਦਾਅਵਾ ਕੀਤਾ। ਕਵੇਟਾ ਦੇ ਸਰਕਾਰੀ ਹਸਪਤਾਲ ਦੇ ਬੁਲਾਰੇ ਵਾਸਿਮ ਬੇਗ ਨੇ 7 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ ਦੀ ਸੰਕਟਕਾਲੀਨ ਸੇਵਾ ਇਕਾਈ ਵਿਚ ਲਿਆਇਆ ਗਿਆ ਹੈ। ਬਲੂਚਿਸਤਾਨ ਦੇ ਗ੍ਰਹਿ ਮੰਤਰੀ ਸਰਫਰਾਜ ਬੁਗਤੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਮੌਤਾਂ ਦੀ ਪੁਸ਼ਟੀ ਕੀਤੀ। 22 ਜ਼ਖਮੀਆਂ ਦਾ ਕਵੇਟਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਗ੍ਰਹਿ ਮੰਤਰੀ ਨੇ ਕਿਹਾ ''ਅੱਤਵਾਦ ਖਿਲਾਫ ਲੜਾਈ ਖਤਮ ਨਹੀਂ ਹੋਈ ਹੈ। ਇਸ ਲੜਾਈ ਵਿਚ ਬਲੂਚਿਸਤਾਨ ਅੱਗੇ ਹੈ। ਜਦੋਂ ਤੱਕ ਇਲਾਕੇ ਵਿਚ ਇਕ ਵੀ ਅੱਤਵਾਦੀ ਹੈ ਉਦੋਂ ਤੱਕ ਅਸੀਂ ਨਹੀਂ ਰੁੱਕਾਂਗੇ।'' ਉਨ੍ਹਾਂ ਕਿਹਾ ''ਇਹ ਕਾਇਰਤਾਪੂਰਨ ਹਮਲਾ ਸਾਡੇ ਸੁਰੱਖਿਆ ਬਲਾਂ ਨੂੰ ਆਪਣੇ ਫਰਜ ਨੂੰ ਨਿਭਾਉਣ ਤੋਂ ਰੋਕ ਨਹੀਂ ਸਕੇਗਾ।''