ਪਾਕਿ ਥਲ ਸੈਨਾ ਮੁਖੀ ਨੇ ਕਸ਼ਮੀਰ ''ਤੇ ਭਾਰਤ ਨਾਲ ਦੀ ਗੱਲਬਾਤ ਕੀਤੀ ਵਕਾਲਤ

04/15/2018 8:28:11 PM

ਇਸਲਮਾਬਾਦ— ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਕਿਹਾ ਹੈ ਕਿ ਕਸ਼ਮੀਰ ਦੇ ਮੂਲ ਮੁੱਦੇ ਸਣੇ ਭਾਰਤ-ਪਾਕਿਸਤਾਨ ਦੇ ਵਿਚਾਲੇ ਸਾਰੇ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਪੂਰੀ ਤੇ ਅਰਥਪੂਰਨ ਗੱਲਬਾਤ ਨਾਲ ਹੀ ਹੋਵੇਗਾ। ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੀ ਮੀਡੀਆ ਇਕਾਈ ਇੰਟਰ-ਸਰਵਿਸ ਪਬਲਿਕ ਰਿਲੇਸ਼ਨ ਦੇ ਇਕ ਬਿਆਨ ਦੇ ਮੁਤਾਬਕ ਬਾਜਵਾ ਨੇ ਬੀਤੇ ਦਿਨ ਕਾਕੁਲ 'ਚ ਪਾਕਿਸਤਾਨੀ ਫੌਜੀ ਅਕੈਡਮੀ ਦੇ ਕੈਡੇਟਾਂ ਦੇ ਪਾਸਿੰਗ ਆਊਟ ਪਰੇਡ 'ਚ ਆਪਣੇ ਸੰਬੋਧਨ ਦੇ ਦੌਰਾਨ ਇਹ ਟਿੱਪਣੀ ਕੀਤੀ। 
ਬਾਜਵਾ ਨੇ ਕਿਹਾ ਕਿ ਸਾਡਾ ਇਹ ਸਪੱਸ਼ਟ ਮੰਨਣਾ ਹੈ ਕਿ ਕਸ਼ਮੀਰ ਦੇ ਮੂਲ ਮੁੱਦੇ ਸਣੇ ਭਾਰਤ ਤੇ ਪਾਕਿਸਤਾਨ ਦੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਦਾ ਰਸਤਾ ਪੂਰੀ ਤੇ ਅਰਥਪੂਰਨ ਗੱਲਬਾਤ ਰਾਹੀਂ ਹੀ ਲੰਘਦਾ ਹੈ। ਜਨਰਲ ਬਾਜਵਾ ਨੇ ਕਿਹਾ ਕਿ ਅਜਿਹੀ ਗੱਲਬਾਤ ਕਿਸੇ ਪੱਖ 'ਤੇ ਅਹਿਸਾਨ ਨਹੀਂ ਹੈ ਬਲਕਿ ਇਹ ਸਮੂਚੇ ਖੇਤਰ 'ਚ ਸ਼ਾਂਤੀ ਲਈ ਜ਼ਰੂਰੀ ਹੈ। ਪਾਕਿਸਤਾਨ ਅਜਿਹੀ ਗੱਲਬਾਤ ਲਈ ਵਚਨਬੱਧ ਹੈ ਪਰ ਅਜਿਹਾ ਸਰਬਉੱਚ ਸਮਾਨਤਾ, ਮਾਣ ਤੇ ਸਨਮਾਨ ਦੇ ਆਧਾਰ 'ਤੇ ਹੀ ਹੋਵੇਗਾ। ਬਿਆਨ ਦੇ ਮੁਤਾਬਕ ਕੈਡੇਟਾਂ ਨੂੰ ਸੰਬੋਧਿਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਪਾਕਿਸਤਾਨ ਇਕ ਸ਼ਾਂਤੀ ਪਸੰਦ ਦੇਸ਼ ਹੈ ਤੇ ਸਾਰੇ ਦੇਸ਼ਾਂ, ਖਾਸ ਕਰਕੇ ਆਪਣੇ ਗੁਆਂਢੀਆਂ, ਦੇ ਨਾਲ ਸ਼ਾਂਤੀਪੂਰਨ ਹੋਂਦ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਰ ਸ਼ਾਂਤੀ ਦੀ ਇਸ ਚਾਹਤ ਨੂੰ ਕਿਸੀ ਵੀ ਤਰ੍ਹਾਂ ਨਾਲ ਸਾਡੀ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਸਮਝਿਆ ਜਾਣਾ ਚਾਹੀਦਾ। ਸਾਡੇ ਹਥਿਆਰਬੰਦ ਬਲ ਕਿਸੇ ਵੀ ਖਤਰੇ ਦਾ ਕਰਾਰਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ। ਥਲ ਸੈਨਾ ਮੁਖੀ ਨੇ ਜੰਮੂ-ਕਸ਼ਮੀਰ ਦੇ ਲੋਕਾਂ ਦੇ 'ਸਵੈ-ਨਿਰਣੇ ਦੇ ਬੁਨਿਆਦੀ ਆਧਾਰ' ਦੇ ਲਈ ਆਪਣੇ ਦੇਸ਼ ਦੇ 'ਸਿਆਸੀ ਤੇ ਨੈਤਿਕ ਸਮਰਥਨ' ਦੀ ਗੱਲ ਦੁਹਰਾਈ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਤੇ ਕੱਟੜਪੰਥ ਦੇ ਸਫਾਏ ਦੇ ਲਈ ਬਗੈਰ ਕਿਸੇ ਭੇਦਭਾਵ ਦੇ ਆਪਣੀ ਭੂਮਿਕਾ ਨਿਭਾਈ ਹੈ ਤੇ ਕੋਸ਼ਿਸ਼ਾਂ ਨਾਲ ਨਤੀਜੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਨਰਲ ਬਾਜਵਾ ਨੇ ਕਿਹਾ ਕਿ ਅਸੀਂ ਮਜਬੂਰੀ ਦੇ ਕਾਰਨ ਇਨ੍ਹਾਂ ਕੋਸ਼ਿਸ਼ਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਨਹੀਂ ਹਾਂ ਬਲਕਿ ਪਾਕਿਸਤਾਨ ਨੂੰ ਇਕ ਸੁਰੱਖਿਅਤ, ਖੁਸ਼ਹਾਲ ਤੇ ਪ੍ਰਗਤੀਸ਼ੀਲ ਦੇਸ਼ ਬਣਾਉਣ ਲਈ ਵਚਨਬੱਧ ਹਾਂ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਅੰਦਰ ਤੋਂ ਕਮਜ਼ੋਰ ਕਰਨ ਦੇ ਲਈ ਇਕ ਹਾਈਬ੍ਰਿਡ ਜੰਗ ਥੋਪੀ ਗਈ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਸਾਡੇ ਦੁਸ਼ਮਣ ਜਾਣਦੇ ਹਨ ਕਿ ਉਹ ਸਾਨੂੰ ਸਿੱਧੇ ਤਰੀਕੇ ਨਾਲ ਨਹੀਂ ਹਰਾ ਸਕਦੇ ਤਾਂ ਉਨ੍ਹਾਂ ਨੇ ਸਾਡੇ 'ਤੇ ਕਰੂਰ, ਬੁਰਾ ਤੇ ਹਾਈਬ੍ਰਿਡ ਯੁੱਧ ਥੋਪ ਦਿੱਤਾ ਹੈ।