ਪਾਕਿਸਤਾਨੀ ਫੌਜ ਮੁਖੀ ਪੁੱਜੇ ਐੱਲ. ਓ. ਸੀ, ਭਾਰਤ ਨੂੰ ਦਿੱਤੀ ਚਿਤਾਵਨੀ

06/10/2017 7:13:34 PM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਸ਼ਨੀਵਾਰ ਨੂੰ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਫੋਰਸ ਕਿਸੇ ਵੀ ਖਤਰੇ ਨੂੰ ਨਾਕਾਮ ਕਰਨ 'ਚ ਸਮਰੱਥ ਹੈ। ਉਨ੍ਹਾਂ ਨੇ ਇਹ ਗੱਲ ਕੰਟਰੋਲ ਰੇਖਾ (ਐੱਲ. ਓ. ਸੀ.) ਦੇ ਦੌਰੇ ਦੌਰਾਨ ਆਖੀ। ਕੰਟਰੋਲ ਰੇਖਾ ਪਹੁੰਚੇ ਬਾਜਵਾ ਨੇ ਇਕ ਵਾਰ ਫਿਰ ਕਸ਼ਮੀਰ ਨੂੰ ਲੈ ਕੇ ਜ਼ਹਿਰ ਉਗਲਿਆ। 
ਬਾਜਵਾ ਨੇ ਮੁਜ਼ੱਫਰਾਬਾਦ ਸੈਕਟਰ 'ਚ ਕੰਟਰੋਲ ਰੇਖਾ ਨਾਲ ਲੱਗਦੇ ਮੋਹਰੀ ਖੇਤਰਾਂ ਦੀ ਯਾਤਰਾ ਦੌਰਾਨ ਕਿਹਾ ਕਿ ਪਾਕਿਸਤਾਨੀ ਫੌਜ ਕਸ਼ਮੀਰੀ ਭਰਾਵਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ। ਬਾਜਵਾ ਨੇ ਕਿਹਾ ਕਿ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਦੇ ਆਤਮ-ਨਿਰਣੇ ਦੇ ਅਧਿਕਾਰ ਦਾ ਸਮਰਥਨ ਕਰਦੇ ਹਾਂ। 
ਬਾਜਵਾ ਨੇ ਇਸ ਦੇ ਨਾਲ ਹੀ ਕਿਹਾ ਕਿ ਸਾਨੂੰ ਦੇਸ਼ ਦੇ ਸਾਹਮਣੇ ਰੱਖਿਆ ਅਤੇ ਸੁਰੱਖਿਆ ਚੁਣੌਤੀਆਂ ਦੀ ਜਾਣਕਾਰੀ ਹੈ ਅਤੇ ਅਸੀਂ ਸਾਰੇ ਖਤਰਿਆਂ ਨੂੰ ਅਸਫਲ ਕਰਨ 'ਚ ਸਮਰੱਥ ਹਾਂ। ਮੋਰਚਾ ਚਾਹੇ ਜੋ ਵੀ, ਅਸੀਂ ਹਰ ਤਰ੍ਹਾਂ ਦੇ ਖਤਰੇ ਨਾਲ ਨਜਿੱਠਣ ਲਈ ਤਿਆਰ ਹਾਂ। ਬਿਆਨ 'ਚ ਕਿਹਾ ਗਿਆ ਕਿ ਫੌਜੀਆਂ ਨੇ ਬਾਜਵਾ ਨਾਲ ਭਾਰਤੀ ਅੱਤਿਆਚਾਰ ਅਤੇ ਗੈਰ-ਫੌਜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੀ ਜੰਗਬੰਦੀ ਉਲੰਘਣਾ ਬਾਰੇ ਸਾਫ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ ਅਤੇ ਸੰਕਲਪ ਦੋਹਰਾਇਆ। ਬਾਜਵਾ ਨੇ ਆਪਣੇ ਫੌਜੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਫੌਜ ਦੇ ਹਰ ਹਮਲੇ ਦਾ ਮੂੰਹ ਤੋੜ ਜਵਾਬ ਦੇਣਾ ਹੈ।