ਪਾਕਿ ਨੇ ਚੀਨ ਲਈ ਮੁੜ ਸ਼ੁਰੂ ਕੀਤੀਆਂ ਹਵਾਈ ਸੇਵਾਵਾਂ

02/03/2020 5:04:41 PM

ਇਸਲਾਮਾਬਾਦ (ਭਾਸ਼ਾ): ਚੀਨ ਦੇ ਜਾਨਲੇਵਾ ਕੋਰੋਨਾਵਾਇਰਸ ਦੇ ਵੱਧਦੇ ਖਤਰੇ ਨਾਲ ਡਰੇ ਪਾਕਿਸਤਾਨ ਨੇ ਆਖਿਰਕਾਰ ਚੀਨ ਤੋਂ ਆਉਣ-ਜਾਣ ਵਾਲੀਆਂ ਫਲਾਈਟਾਂ ਨੂੰ ਆਪਣੀ ਧਰਤੀ 'ਤੇ ਉਤਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੀ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਸੰਯੁਕਤ ਸਕੱਤਰ ਐਵੀਏਸ਼ਨ ਡਿਵੀਜ਼ਨ ਅਬਦੁੱਲ ਸੱਤਾਰ ਖੋਖਰ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਉਡਾਣ ਸੇਵਾਵਾਂ ਸੋਮਵਾਰ ਤੋਂ ਮੁੜ ਸ਼ੁਰੂ ਹੋ ਗਈਆਂ। ਇਮਰਾਨ ਖਾਨ ਦੀ ਸਰਕਾਰ ਦੇ ਇਸ ਫੈਸਲੇ ਦੇ ਬਾਅਦ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸਵੇਰੇ ਚੀਨ ਤੋਂ ਆਏ 2 ਜਹਾਜ਼ ਉਤਰੇ। ਪਾਕਿਸਤਾਨ ਸ਼ਹਿਰੀ ਹਵਾਬਾਜ਼ੀ ਅਥਾਰਿਟੀ ਨੇ ਦੱਸਿਆ ਕਿ ਚੀਨ ਦੇ ਉਰੂਮਚੀ ਸ਼ਹਿਰ ਤੋਂ China Southern Airlines ਦੀਆਂ 2 ਉਡਾਣਾਂ  CZ 6007 ਅਤੇ CZ 5241 ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰੀਆਂ।

ਅਧਿਕਾਰੀਆਂ ਨੇ ਦੱਸਿਆ ਕਿ ਦੋਹਾ ਤੋਂ ਕਤਰ ਏਅਰਲਾਈਨਜ਼ ਦਾ ਇਕ ਜਹਾਜ਼ ਚੀਨ ਤੋਂ ਘੱਟੋ-ਘੱਟ 40 ਪਾਕਿਸਤਾਨੀ ਯਾਤਰੀਆਂ ਨੂੰ ਲੈ ਕੇ ਪਹੁੰਚਿਆ ਕਿਉਂਕਿ ਚੀਨ ਤੋਂ ਪਾਕਿਸਤਾਨ ਦੀਆਂ ਸਿੱਧੀਆਂ ਉਡਾਣਾਂ ਬੰਦ ਸਨ। ਅਸਲ ਵਿਚ ਵਿਸ਼ਵ ਸਿਹਤ ਸੰਗਠਨ ਨੇ 2 ਫਰਵਰੀ ਨੂੰ ਕੋਰੋਨਾਵਾਇਰਸ ਨੂੰ ਗਲੋਬਲ ਸਿਹਤ ਐਮਰਜੈਂਸੀ ਐਲਾਨਿਆ ਸੀ। ਇਸ ਮਗਰੋਂ ਪਾਕਿਸਤਾਨ ਨੇ ਚੀਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਸੀ। ਇਹੀ ਨਹੀਂ ਚੀਨ ਵਿਚ ਫਸੇ ਪਾਕਿਸਤਾਨੀ ਵਿਦਿਆਰਥੀਆਂ ਨੂੰ ਵੀ ਇਮਰਾਨ ਖਾਨ ਸਰਕਾਰ ਨੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਸੀ।  

ਭਾਵੇਂਕਿ ਪਾਕਿਸਤਾਨ ਨੇ ਚੀਨ ਦਾ ਧੰਨਵਾਦ ਕੀਤਾ। ਉਸ ਨੇ ਆਪਣੇ ਅਧਿਕਾਰਤ ਬਿਆਨ ਵਿਚ ਕਿਹਾ ਕਿ ਅਸੀਂ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦੇ ਹਾਂ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ ਹੁਣ ਤੱਕ ਕੋਰੋਨਾਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
 

Vandana

This news is Content Editor Vandana