ਜਰਮਨੀ 'ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਆਸੀਆ

11/14/2018 10:07:15 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ। ਆਸੀਆ ਦਾ ਆਪਣੇ ਹੀ ਦੇਸ਼ ਵਿਚ ਬਿਨਾ ਡਰ ਦੇ ਜਿਉਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਆਸੀਆ ਬੀਬੀ ਨੇ ਜਰਮਨੀ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਆਸੀਆ ਦੇ ਵਕੀਲ ਸੈਫੁਲ ਮਲੂਕ ਨੇ ਜਰਮਨੀ ਦੀ ਇਕ ਅਖਬਾਰ ਨਾਲ ਹੋਈ ਗੱਲਬਾਤ ਵਿਚ ਕਿਹਾ ਕਿ ਆਸੀਆ ਆਪਣੇ ਪਰਿਵਾਰ ਨਾਲ ਜਰਮਨੀ ਆਉਣਾ ਚਾਹੁੰਦੀ ਹੈ। ਉਂਝ ਆਸੀਆ ਪਾਕਿਸਤਾਨ ਵਿਚ ਹੀ ਹੈ ਜਦਕਿ ਉਸ ਦੇ ਵਕੀਲ ਸੈਫੁਲ ਮਲੂਕ ਫੈਸਲੇ ਦੇ ਇਕ ਦਿਨ ਬਾਅਦ ਹੀ ਨੀਦਰਲੈਂਡ ਲਈ ਰਵਾਨਾ ਹੋ ਗਏ। ਉਨ੍ਹਾਂ ਨੇ ਕੱਟੜਪੰਥੀਆਂ ਤੋਂ ਆਪਣੀ ਜਾਨ ਨੂੰ ਖਤਰੇ ਦਾ ਡਰ ਜ਼ਾਹਰ ਕੀਤਾ ਹੈ। ਸਾਲ 2015 ਵਿਚ ਆਸੀਆ ਦੀ ਬੇਟੀ ਨੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕਰ ਕੇ ਵੈਟੀਕਨ ਵਿਚ ਆਸੀਆ ਲਈ ਪ੍ਰਾਰਥਨਾ ਵੀ ਕੀਤੀ ਸੀ।

ਕਈ ਯੂਰਪੀ ਦੇਸ਼ ਆਸੀਆ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਇੱਥੇ ਰੱਖਣ ਲਈ ਤਿਆਰ ਹਨ ਪਰ ਹਾਲੇ ਤੱਕ ਇਹ ਸਾਫ ਨਹੀਂ ਹੈ ਕਿ ਉਸ ਨੂੰ ਪਾਕਿਸਤਾਨ ਛੱਡਣ ਦੀ ਇਜਾਜ਼ਤ ਕਦੋਂ ਮਿਲੇਗੀ। ਫਿਲਹਾਲ ਇਮਰਾਨ ਸਰਕਾਰ ਕਾਨੂੰਨੀ ਕਾਰਵਾਈ ਨੂੰ ਪੂਰਾ ਕਰ ਲੈਣਾ ਚਾਹੁੰਦੀ ਹੈ ਤਾਂ ਜੋ ਆਸੀਆ ਨੂੰ ਉਸ ਦੀ ਪਸੰਦ ਮੁਤਾਬਕ ਕਿਸੇ ਹੋਰ ਦੇਸ਼ ਭੇਜਿਆ ਜਾ ਸਕੇ। ਆਸੀਆ ਫਿਲਹਾਲ ਪਾਕਿਸਤਾਨ ਵਿਚ ਸੁਰੱਖਿਅਤ ਜਗ੍ਹਾ 'ਤੇ ਰਹਿ ਰਹੀ ਹੈ। ਉਸ ਦੇ ਵਕੀਲ ਮਲੂਕ ਨੇ ਕਿਹਾ ਕਿ ਪਾਕਿਸਤਾਨ ਵਿਚ ਈਸ਼ਨਿੰਦਾ ਦੇ ਲੱਗਭਗ ਸਾਰੇ ਮਾਮਲੇ ਝੂਠੇ ਹੁੰਦੇ ਹਨ ਅਤੇ ਲੋਕ ਇਸ ਦਾ ਗਲਤ ਫਾਇਦਾ ਚੁੱਕਦੇ ਹਨ। ਇਸ ਲਈ ਆਸੀਆ ਦੇ ਜਨਤਕ ਰੂਪ ਵਿਚ ਸਾਹਮਣੇ ਆਉਂਦੇ ਹੀ ਪਾਕਿਸਤਾਨ ਵਿਚ ਉਸ ਦੀ ਹੱਤਿਆ ਕੀਤੀ ਜਾ ਸਕਦੀ ਹੈ।

Vandana

This news is Content Editor Vandana