ਪਾਕਿ ''ਚ ਜ਼ੁਲਮ ਦੀ ਹੱਦ ਪਾਰ : 11 ਸਾਲਾ ਹਿੰਦੂ ਮੁੰਡੇ ਦਾ ਪਹਿਲਾਂ ਕੀਤਾ ਜਿਨਸੀ ਸ਼ੋਸ਼ਣ, ਫਿਰ ਬੇਰਹਿਮੀ ਨਾਲ ਕਤਲ

11/21/2021 6:17:50 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਘੱਟ ਗਿਣਤੀ ਔਰਤਾਂ ਅਤੇ ਬੱਚੇ ਸੁਰੱਖਿਅਤ ਨਹੀਂ ਹਨ। ਤਾਜ਼ਾ ਮਾਮਲੇ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ 11 ਸਾਲਾ ਹਿੰਦੂ ਮੁੰਡੇ ਦਾ ਜਿਨਸੀ ਸ਼ੋਸ਼ਣ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਲਾਪਤਾ ਹੋ ਗਿਆ ਸੀ। ਉਸ ਦੀ ਲਾਸ਼ ਸ਼ਨੀਵਾਰ ਨੂੰ ਸਿੰਧ ਸੂਬੇ ਦੇ ਖੈਰਪੁਰ ਮੀਰ ਇਲਾਕੇ ਦੇ ਬਾਬਰਲੋਈ ਕਸਬੇ 'ਚ ਇਕ ਸੁੰਨਸਾਨ ਘਰ 'ਚੋਂ ਮਿਲੀ। ਪੁਲਸ ਨੇ ਇਸ ਮਾਮਲੇ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਰਿਵਾਰ ਨੇ ਦੱਸੀ ਇਹ ਗੱਲ
ਦੀ ਐਕਸਪ੍ਰੈੱਸ ਟ੍ਰਿਬਿਊਨ ਨੇ ਮੁੰਡੇ ਦੇ ਰਿਸ਼ਤੇਦਾਰ ਰਾਜ ਕੁਮਾਰ ਦੇ ਹਵਾਲੇ ਨਾਲ ਦੱਸਿਆ ਕਿ ਪੂਰਾ ਪਰਿਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਵਿੱਚ ਰੁੱਝਿਆ ਹੋਇਆ ਸੀ। ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਬੱਚਾ ਕਿਵੇਂ ਲਾਪਤਾ ਹੋ ਗਿਆ। ਰਾਤ 11 ਵਜੇ ਉਹ ਘਰ 'ਚ ਮ੍ਰਿਤਕ ਪਾਇਆ ਗਿਆ। ਬਾਬਰਲੋਈ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਅਪਰਾਧੀਆਂ ਨੇ ਮੁੰਡੇ ਦਾ ਜਿਨਸੀ ਸ਼ੋਸ਼ਣ ਕਰਨ ਤੋਂ ਬਾਅਦ ਗਲਾ ਦਬਾ ਕੇ ਕਤਲ ਕਰ ਦਿੱਤਾ। ਐਸਐਚਓ ਨੇ ਦੱਸਿਆ ਕਿ ਅਸੀਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਬਾਲ ਸੁਰੱਖਿਆ ਅਥਾਰਿਟੀ ਸੁੱਕੁਰ ਦੇ ਜੁਬੈਰ ਮਹਿਰ ਨੇ ਦੱਸਿਆ ਕਿ ਨਾਬਾਲਗ ਦੇ ਸਰੀਰ 'ਤੇ ਤਸ਼ੱਦਦ ਦੇ ਨਿਸ਼ਾਨ ਵੀ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਸੂਬੇ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ। ਮਹਿਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸੁੱਕੁਰ ਜ਼ਿਲ੍ਹੇ ਦੇ ਸਾਲੇਹ ਪਟ ਤੋਂ ਹਿੰਦੂ ਭਾਈਚਾਰੇ ਦੀ ਇਕ ਨਾਬਾਲਗ ਕੁੜੀ ਲਾਪਤਾ ਹੋ ਗਈ ਸੀ। ਪੁਲਸ ਨੇ ਉਸ ਦੀ ਬਰਾਮਦਗੀ ਲਈ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਪਰ ਇਹ ਸਭ ਵਿਅਰਥ ਗਿਆ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ-ਕੈਨੇਡਾ ਬਾਰਡਰ 'ਤੇ ਔਰਤ ਦੀ ਕਾਰ 'ਚ ਮਿਲੇ 56 ਪਿਸਤੋਲ

ਹਿੰਦੂ ਕੁੜੀਆਂ ਵੀ ਅਸੁਰੱਖਿਅਤ
ਮਨੁੱਖੀ ਅਧਿਕਾਰ ਸੰਸਥਾ ਮੂਵਮੈਂਟ ਫੌਰ ਸੌਲਿਡੈਰਿਟੀ ਐਂਡ ਪੀਸ (ਐਮਐਸਪੀ) ਮੁਤਾਬਕ, ਪਾਕਿਸਤਾਨ ਵਿੱਚ ਹਰ ਸਾਲ 1000 ਤੋਂ ਵੱਧ ਈਸਾਈ ਅਤੇ ਹਿੰਦੂ ਔਰਤਾਂ ਜਾਂ ਕੁੜੀਆ ਨੂੰ ਅਗਵਾ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਅਤੇ ਇਸਲਾਮੀ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕੀਤਾ ਜਾਂਦਾ ਹੈ। ਪੀੜਤਾਂ ਵਿਚ ਜ਼ਿਆਦਾਤਰ ਦੀ ਉਮਰ 12 ਤੋਂ 25 ਸਾਲ ਦੇ ਵਿਚਕਾਰ ਹੈ।

ਮਨੁੱਖੀ ਅਧਿਕਾਰ ਸੰਸਥਾ ਨੇ ਇਹ ਵੀ ਕਿਹਾ ਕਿ ਅੰਕੜੇ ਇਸ ਨਾਲੋਂ ਜ਼ਿਆਦਾ ਵੱਧ ਵੀ ਹੋ ਸਕਦੇ ਹਨ ਕਿਉਂਕਿ ਪੁਲਸ ਵੱਲੋਂ ਬਹੁਤੇ ਕੇਸ ਦਰਜ ਨਹੀਂ ਕੀਤੇ ਜਾਂਦੇ। ਅਗਵਾ ਹੋਈਆਂ ਜ਼ਿਆਦਾਤਰ ਕੁੜੀਆਂ ਗਰੀਬਾਂ ਵਰਗ ਨਾਲ ਸਬੰਧਤ ਹਨ, ਜਿਨ੍ਹਾਂ ਦੀ ਕੋਈ ਖ਼ਬਰ ਲੈਣ ਵਾਲਾ ਨਹੀਂ ਹੈ। ਇਸ ਕਾਰਨ ਪ੍ਰਸ਼ਾਸਨਿਕ ਪੱਧਰ ’ਤੇ ਵੀ ਅਣਗਹਿਲੀ ਦਿਖਾਈ ਜਾ ਰਹੀ ਹੈ।

ਨੋਟ- ਪਾਕਿਸਤਾਨ ਵਿਚ ਘੱਟ ਗਿਣਤੀਆਂ ਦੇ ਲੋਕ ਅਸੁਰੱਖਿਅਤ ਹਨ, ਇਸ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana