ਪਾਕਿ ''ਚ ਨਵਾਂ ਰਿਕਾਰਡ, ਪਹਿਲੀ ਵਾਰ 1 ਸਾਬਕਾ ਰਾਸ਼ਟਰਪਤੀ ਤੇ 2 ਪ੍ਰਧਾਨ ਮੰਤਰੀ ਇਕੱਠੇ ਜੇਲ ''ਚ

07/19/2019 10:52:33 PM

ਇਸਲਾਮਾਬਾਦ - ਪਾਕਿਸਤਾਨ 'ਚ ਵੀਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਗ੍ਰਿਫਤਾਰੀ ਦੇ ਨਾਲ ਇਕ ਅਨੋਖਾ ਰਿਕਾਰਡ ਬਣਿਆ ਹੈ। ਦੇਸ਼ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਦੇ 2 ਸਾਬਕਾ ਪ੍ਰਧਾਨ ਮੰਤਰੀ ਅਤੇ ਇਕ ਸਾਬਕਾ ਰਾਸ਼ਟਰਪਤੀ ਜੇਲ 'ਚ ਕੈਦ ਕੀਤੇ ਗਏ ਹਨ। ਊਰਦੂ ਅਖਬਾਰ ਜੰਗ ਦੀ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਇਤਿਹਾਸ 'ਚ ਪ੍ਰਧਾਨ ਮੰਤਰੀਆਂ ਅਤੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਦੇ ਰਹਿਣਾ ਪਿਆ ਹੈ।



ਪਹਿਲਾਂ ਪ੍ਰਧਾਨ ਮੰਤਰੀ ਲਿਆਕਤ ਅਲੀ ਖਾਨ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਜ਼ੁਲਫੀਕਾਰ ਅਲੀ ਭੁੱਟੋ ਨੂੰ ਫਾਂਸੀ ਦੇ ਦਿੱਤੀ ਗਈ ਸੀ ਜਦਕਿ ਬੇਨਜ਼ੀਰ ਭੁੱਟੋ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਇਹ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਜਦੋਂ ਇਕ ਹੀ ਸਮੇਂ 'ਚ ਇਕ ਹੀ ਸਰਕਾਰ ਦੇ ਕਾਰਜਕਾਲ 'ਚ ਇਕ ਸਾਬਕਾ ਰਾਸ਼ਟਰਪਤੀ ਅਤੇ 2 ਸਾਬਕਾ ਪ੍ਰਧਾਨ ਮੰਤਰੀਆਂ ਨੂੰ ਗ੍ਰਿਫਤਾਰ ਕਰ ਜੇਲ 'ਚ ਸੁੱਟ ਦਿੱਤਾ ਗਿਆ ਹੋਵੇ। ਇਨਾਂ ਸਾਰਿਆਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।



ਅਖਬਾਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹੀਂ ਨਹੀਂ, 2 ਹੋਰ ਸਾਬਕਾ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਅਤੇ ਰਾਜਾ ਪਰਵੇਜ਼ ਅਸ਼ਰਫ ਵੀ ਅਦਾਲਤ ਦੇ ਚੱਕਰ ਲੱਗਾ ਰਹੇ ਹਨ ਅਤੇ ਪੇਸ਼ੀ 'ਤੇ ਸੁਣਵਾਈ ਲਈ ਹਾਜ਼ਰੀ ਦੇ ਰਹੇ ਹਨ। ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਦੌਰ-ਏ-ਹਕੂਮਤ 'ਚ ਭ੍ਰਿਸ਼ਟਾਚਾਰ ਦੇ ਦੋਸ਼ 'ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਬੀਤੇ 1 ਸਾਲ ਤੋਂ ਅਲ ਅਜ਼ੀਜੀਆ ਜਾਇਦਾਦ ਮਾਮਲੇ 'ਚ ਜੇਲ 'ਚ ਹਨ। ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਬੀਤੇ 1 ਮਹੀਨੇ ਤੋਂ ਮਨੀ ਲਾਂਡ੍ਰਿੰਗ ਮਾਮਲੇ 'ਚ ਜੇਲ 'ਚ ਹਨ ਅਤੇ ਹੁਣ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਐੱਲ. ਐੱਨ. ਜੀ. ਠੇਕੇ ਦੇ ਮਾਮਲੇ 'ਚ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਜੇਲ 'ਚ ਕੈਦ ਕੀਤਾ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਇਕ ਹੀ ਸਮੇਂ 'ਚ ਇਕ ਸਾਬਕਾ ਰਾਸ਼ਟਰਪਤੀ ਅਤੇ 2 ਸਾਬਕਾ ਪ੍ਰਧਾਨ ਮੰਤਰੀਆਂ ਦੀ ਗ੍ਰਿਫਤਾਰੀ ਦਾ ਅਨੋਖਾ ਰਿਕਾਰਡ ਬਣ ਗਿਆ ਹੈ।

Khushdeep Jassi

This news is Content Editor Khushdeep Jassi