ਪਾਕਿ ''ਚ ਹੈਲਮੈਟ ਨਾ ਪਾਉਣ ''ਤੇ ਸਿੱਖ ਆਗੂ ਦਾ ਕੱਟਿਆ ਗਿਆ ਚਲਾਨ

08/06/2019 10:14:24 AM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਵਿਚ ਖਾਲਸਾ ਸ਼ਾਂਤੀ ਅਤੇ ਜਸਟਿਸ ਫਾਊਂਡੇਸ਼ਨ ਦੇ ਪ੍ਰਧਾਨ ਰਾਧੇਸ਼ ਸਿੰਘ ਟੋਨੀ ਨੂੰ ਲਾਹੌਰ ਟ੍ਰੈਫਿਕ ਪੁਲਸ ਨੇ ਹੈਲਮੈਟ ਨਾ ਪਾਉਣ ਕਾਰਨ ਚਲਾਨ ਜਾਰੀ ਕੀਤਾ। ਇਕ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਟੋਨੀ ਨੇ ਕਿਹਾ ਕਿ ਉਹ ਆਪਣੀ ਮੋਟਰਸਾਈਕਲ 'ਤੇ ਬਾਜ਼ਾਰੋਂ ਕੁਝ ਖਰੀਦਦਾਰੀ ਲਈ ਜਾ ਰਹੇ ਸਨ, ਜਦੋਂ ਇਕ ਟ੍ਰੈਫਿਕ ਪੁਲਸ ਵਾਰਡਨ ਨੇ ਉਸ ਨੂੰ ਰੋਕ ਲਿਆ। ਟੋਨੀ ਮੁਤਾਬਕ ਟ੍ਰੈਫਿਕ ਵਾਰਡਨ ਨੇ ਮੋਟਰਸਾਈਕਲ ਸਬੰਧੀ ਉਨ੍ਹਾਂ ਦੇ ਪੇਪਰ ਅਤੇ ਲਾਈਸੈਂਸ ਚੈੱਕ ਕੀਤਾ। ਉਹ ਸੰਤੁਸ਼ਟ ਸੀ ਫਿਰ ਵੀ ਉਸ ਨੇ ਹੈਲਮੈਟ ਨਾ ਪਾਉਣ ਕਰ ਕੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ। 

ਇਸ ਦੇ ਨਾਲ ਹੀ ਟੋਨੀ ਨੇ ਕਿਹਾ ਕਿ ਉਨ੍ਹਾਂ ਨੇ ਵਾਰਡਨ ਨੂੰ ਬੇਨਤੀ ਕੀਤੀ ਕਿ ਪੱਗ ਬੰਨ੍ਹਣ ਦੇ ਬਾਅਦ ਸਿੱਖਾਂ ਨੂੰ ਹੈਲਮੈਟ ਨਾ ਪਾਉਣ ਦੀ ਛੋਟ ਦਿੱਤੀ ਗਈ ਹੈ, ਜੋ ਉਨ੍ਹਾਂ ਦੇ ਧਰਮ ਮੁਤਾਬਕ ਲਾਜਮੀ ਹੈ। ਉਨ੍ਹਾਂ ਦੇ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਟ੍ਰੈਫਿਕ ਵਾਰਡਨ ਨੇ ਚਲਾਨ ਕੱਟ ਦਿੱਤਾ। ਉਨ੍ਹਾਂ ਨੇ ਚਲਾਨ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਜੋ ਉਨ੍ਹਾਂ ਨੂੰ ਕੋਡ 19 ਦੀ ਉਲੰਘਣਾ ਲਈ ਜਾਰੀ ਕੀਤਾ ਗਿਆ ਸੀ। ਟੋਨੀ ਨੇ ਕਿਹਾ,''ਇਹ ਮੇਰੇ ਧਾਰਮਿਕ ਅਭਿਆਸਾਂ ਦੀ ਉਲੰਘਣਾ ਅਤੇ ਵਿਤਕਰਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ।''

ਵਰਤਮਾਨ ਵਿਚ ਬਰਖਾਸਤ ਕੀਤੇ ਗਏ ਪਾਕਿਸਤਾਨ ਦੇ ਪਹਿਲੇ ਸਿੱਖ ਟ੍ਰੈਫਿਕ ਵਾਰਡਨ ਗੁਲਾਬ ਸਿੰਘ ਨਾਲ ਸੰਪਰਕ ਕੀਤੇ ਜਾਣ ਦੇ ਬਾਅਦ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਕੋਡ 19 ਟ੍ਰੈਫਿਕ ਉਲੰਘਣਾ ਬਿਨਾਂ ਹੈਲਮੈਟ ਦੇ ਮੋਟਰਸਾਈਕਲ ਚਲਾਉਣ ਲਈ ਸੀ। ਪੂਰੀ ਦੁਨੀਆ ਵਿਚ ਸਿੱਖ ਪੱਗ ਬੰਨ੍ਹਣ ਦੇ ਅਧਿਕਾਰ ਲਈ ਲੜ ਰਹ ਰਹੇ ਹਨ। ਇੱਥੇ ਦੱਸ ਦਈਏ ਕਿ ਟੋਨੀ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੇ ਟਰਾਂਸਜੈਂਡਰ ਭਾਈਚਾਰੇ ਦੇ ਅਧਿਕਾਰਾਂ ਨੂੰ ਹਾਸਲ ਕਰਨ ਵਿਚ ਅੱਗੇ ਰਹੇ ਸਨ। ਉਨ੍ਹਾਂ ਨੇ ਪਾਕਿਸਤਾਨ ਵਿਚ ਟਰਾਂਸਜੈਂਡਰਾਂ ਨੂੰ ਮਰਦਮਸ਼ੁਮਾਰੀ ਦੇ ਰੂਪਾਂ ਵਿਚ ਇਕ ਤੀਜਾ ਵਿਕਲਪ ਬਣਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਸੀ। ਟੋਨੀ ਨੇ ਕੇ.ਪੀ.ਕੇ. ਤੋਂ ਇਕ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਆਮ ਚੋਣਾਂ ਲੜੀਆਂ ਸਨ, ਜਿਸ ਵਿਚ ਕੱਟੜਪੰਥੀ ਸਮੂਹਾਂ ਵਿਚ ਮਤਭੇਦਾਂ ਨੂੰ ਖਤਮ ਕਰਨ ਅਤੇ ਪਾਕਿਸਤਾਨ ਵਿਚ ਘੱਟ ਗਿਣਤੀ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਦਾ ਏਜੰਡਾ ਸੀ।

Vandana

This news is Content Editor Vandana