ਸਿੱਖ ਕੁੜੀ ਅਗਵਾ ਮਾਮਲਾ : ਪਾਕਿ ਸਿੱਖ ਡੈਲੀਗੇਸ਼ਨ ਕਰੇਗਾ ਇਮਰਾਨ ਖਾਨ ਨਾਲ ਮੁਲਾਕਾਤ

09/03/2019 12:11:04 PM

ਇਸਲਾਮਾਬਾਦ— ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਇਲਾਕੇ 'ਚ ਇਕ ਸਿੱਖ ਲੜਕੀ (ਜਗਜੀਤ ਕੌਰ) ਨੂੰ ਅਗਵਾ ਕਰਕੇ ਉਸ ਦਾ ਮੁਸਲਮਾਨ ਮੁੰਡੇ ਨਾਲ ਨਿਕਾਹ ਕਰਵਾ ਦਿੱਤਾ ਗਿਆ ਤੇ ਜ਼ਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ, ਇਸੇ ਮੁੱਦੇ 'ਤੇ ਗੱਲ ਕਰਨ ਲਈ ਸਿੱਖਾਂ ਦਾ ਇਕ ਵਫਦ ਅੱਜ ਪਾਕਿ ਪੀ. ਐੱਮ. ਇਮਰਾਨ ਖਾਨ ਨਾਲ ਗੱਲਬਾਤ ਕਰੇਗਾ। ਕਿਹਾ ਜਾ ਰਿਹਾ ਹੈ ਕਿ ਸ. ਮਹਿੰਦਰ ਪਾਲ ਸਿੰਘ ਦੀ ਅਗਵਾਈ 'ਚ ਸਿੱਖ ਡੈਲੀਗੇਸ਼ਨ ਇਮਰਾਨ ਨੂੰ ਮਿਲੇਗਾ। ਹੋ ਸਕਦਾ ਹੈ ਕਿ ਅੱਜ ਭਾਵ ਮੰਗਲਵਾਰ ਨੂੰ ਦੁਪਹਿਰ ਬਾਅਦ ਇਕ ਵਜੇ ਇਹ ਬੈਠਕ ਹੋਵੇ। 
ਡੈਲੀਗੇਸ਼ਨ 'ਚ ਮੌਜੂਦ ਸਿੱਖਾਂ ਦੇ ਨਾਂ—
ਸ. ਸਤਵੰਤ ਸਿੰਘ, ਪੀ. ਐੱਸ. ਜੀ. ਪੀ. ਸੀ. ਦੇ ਮੁਖੀ (ਪਾਕਿਸਤਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ), ਜਨਰਲ ਸਕੱਤਰ ਅਮੀਰ ਸਿੰਘ, ਤੇ ਹੋਰ ਮੈਂਬਰ ਡਾਕਟਰ ਮਾਮਪਾਲ ਸਿੰਘ, ਸਰਦਾਰ ਇੰਦਰਜੀਤ ਸਿੰਘ, ਸ. ਰਵਿੰਦਰ ਸਿੰਘ, ਸ. ਸਰਬੱਤ ਸਿੰਘ, ਸ. ਸਨਮਰਜੀਤ ਸਿੰਘ , ਸ. ਵਕੀਸ਼ ਸਿੰਘ ਖਾਲਸਾ, ਸ. ਸਨਮਰ ਸਿੰਘ ਇਸ ਡੈਲੀਗੇਸ਼ਨ ਭਾਵ ਵਫਦ ਦਾ ਹਿੱਸਾ ਹੋਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਦਿੱਲੀ 'ਚ ਪਾਕਿਸਤਾਨੀ ਅੰਬੈਸੀ ਦੇ ਸਾਹਮਣੇ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਸਿੱਖ ਕੁੜੀ ਨੂੰ ਵਾਪਸ ਉਸ ਦੇ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਤੁਰੰਤ ਕਾਰਵਾਈ ਕਰਨ ਲਈ ਵੀ ਆਖਿਆ।
ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਨੂੰ ਇਹ ਖਬਰ ਸਾਹਮਣੇ ਆਈ ਸੀ ਕਿ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕਰ ਲਿਆ ਗਿਆ ਹੈ। 19 ਸਾਲਾ ਜਗਜੀਤ ਦੇ ਪਿਤਾ ਗੁਰਦੁਆਰਾ ਤੰਬੂ ਸਾਹਿਬ 'ਚ ਗ੍ਰੰਥੀ ਹਨ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਨਿਕਾਹ ਕਰਵਾਇਆ ਗਿਆ ਹੈ।