ਪਾਕਿ : 8 ਕਰੋੜ ਰੁਪਏ ਦਾਨ ਕਰਨ ਵਾਲੇ ਸ਼ਖਸ ਦਾ ਹੋਵੇਗਾ ਦਿਮਾਗੀ ਚੈੱਕਅੱਪ

11/13/2018 4:57:30 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦਾ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਰਕਾਰ ਨੂੰ ਬੰਨ੍ਹ ਬਣਾਉਣ ਲਈ ਕਰੀਬ ਡੇਢ ਲੱਖ ਕਰੋੜ ਰੁਪਏ ਚਾਹੀਦੇ ਹਨ ਪਰ ਸਰਕਾਰ ਕੋਲ ਸਿਰਫ 143 ਕਰੋੜ ਰੁਪਏ ਹੀ ਹਨ। ਫਿਲਹਾਲ ਪਾਕਿਸਤਾਨ ਸਰਕਾਰ ਚੈਰਿਟੀ ਦੇ ਭਰੋਸੇ ਹੈ। ਬੰਨ੍ਹ ਬਣਾਉਣ ਲਈ ਚੰਦੇ ਜ਼ਰੀਏ ਪੈਸੇ ਇਕੱਠੇ ਕੀਤੇ ਜਾ ਰਹੇ ਹਨ। ਇਸ ਰਾਸ਼ੀ ਨੂੰ ਇਕੱਠਾ ਕਰਨ ਦਾ ਕੰਮ ਖੁਦ ਪਾਕਿਸਤਾਨ ਦੇ ਚੀਫ ਜਸਟਿਸ ਦੀ ਨਿਗਰਾਨੀ ਵਿਚ ਹੋ ਰਿਹਾ ਹੈ। ਖੁਦ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਇਸ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। 

ਇਸ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਨੇ ਬੰਨ੍ਹ ਬਣਾਉਣ ਲਈ 8 ਕਰੋੜ ਰੁਪਏ ਦਾਨ ਕੀਤੇ ਹਨ। ਇਸ ਸ਼ਖਸ ਦਾ ਨਾਮ ਸ਼ੇਖ ਸ਼ਾਹਿਦ ਹੈ। ਸ਼ੇਖ ਸ਼ਾਹਿਦ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਦਾਨ ਉਸ ਦੇ ਲਈ ਮੁਸੀਬਤ ਬਣ ਜਾਵੇਗਾ। ਅਸਲ ਵਿਚ 8 ਕਰੋੜ ਰੁਪਏ ਦਾਨ ਕਰਨ ਵਾਲੇ ਸ਼ੇਖ ਸ਼ਾਹਿਦ ਦੇ ਪਰਿਵਾਰ ਨੇ ਇਸ ਦਾਨ 'ਤੇ ਇਤਰਾਜ਼ ਜ਼ਾਹਰ ਕੀਤਾ ਹੈ। ਮਾਮਲਾ ਇੰਨਾ ਉਲਝ ਗਿਆ ਹੈ ਕਿ ਨੌਬਤ ਸ਼ੇਖ ਸ਼ਾਹਿਦ ਦੇ ਦਿਮਾਗੀ ਚੈੱਕਅੱਪ ਤੱਕ ਪਹੁੰਚ ਗਈ ਹੈ।

ਪਤਨੀ ਮੁਤਾਬਕ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ
ਸ਼ੇਖ ਸ਼ਾਹਿਦ ਨੇ ਬੰਨ੍ਹ ਬਣਾਉਣ ਲਈ 8 ਕਰੋੜ ਰੁਪਏ ਦਾਨ ਤਾਂ ਕਰ ਦਿੱਤੇ ਪਰ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਪਤਨੀ ਅਤੇ 3 ਬੇਟਿਆਂ ਨੇ ਅਦਾਲਤ ਨੂੰ ਦੱਸਿਆ ਕਿ ਸ਼ੇਖ ਸ਼ਾਹਿਦ ਨੇ ਜਿਹੜੀ ਰਾਸ਼ੀ ਦਾਨ ਕੀਤੀ ਹੈ ਉਸ ਵਿਚ ਉਨ੍ਹਾਂ ਦੀ ਸਹਿਮਤੀ ਨਹੀਂ ਲਈ ਗਈ। ਪਤਨੀ ਤੋਂ ਅਦਾਲਤ ਨੇ ਪੁੱਛਿਆ ਕਿ ਕੀ ਉਸ ਦਾ ਪਤੀ ਨਾਲ ਰਿਸ਼ਤਾ ਠੀਕ ਹੈ। ਇਸ 'ਤੇ ਪਤਨੀ ਨੇ ਅਦਾਲਤ ਨੂੰ ਦੱਸਿਆ ਕਿ ਦੋਹਾਂ ਦਾ ਰਿਸ਼ਤਾ ਠੀਕ ਹੈ ਪਰ ਉਸ ਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਸੇ ਕਾਰਨ ਉਸ ਨੇ ਆਪਣੀ 8 ਕਰੋੜ ਰੁਪਏ ਦੀ ਰਾਸ਼ੀ ਦਾਨ ਕਰ ਦਿੱਤੀ। ਪਤਨੀ ਦੇ ਬਿਆਨ ਦੇ ਆਧਾਰ 'ਤੇ ਅਦਾਲਤ ਨੇ ਸ਼ੇਖ ਸ਼ਾਹਿਦ ਦੀ ਦਿਮਾਗੀ ਜਾਂਚ ਕਰਵਾਏ ਜਾਣ ਦਾ ਆਦੇਸ਼ ਦਿੱਤਾ ਹੈ।

ਸ਼ਰੀਆ ਕਾਨੂੰਨ ਤਹਿਤ ਸਵੀਕਾਰ ਨਹੀਂ ਹੋਵੇਗੀ ਦਾਨ ਕੀਤੀ ਰਾਸ਼ੀ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਰਿਵਾਰ ਵਾਲਿਆਂ ਦੇ ਸ਼ੱਕ ਦੇ ਆਧਾਰ 'ਤੇ ਇਹ ਆਦੇਸ਼ ਵੀ ਦਿੱਤਾ ਹੈ ਕਿ ਸ਼ੇਖ ਸ਼ਾਹਿਦ ਵੱਲੋਂ ਦਾਨ ਕੀਤੀ ਰਾਸ਼ੀ ਸ਼ਰੀਆ ਕਾਨੂੰਨ ਦੇ ਤਹਿਤ ਸਵੀਕਾਰ ਨਹੀਂ ਕੀਤੀ ਜਾਵੇਗੀ। ਅਦਾਲਤ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸ਼ੇਖ ਸ਼ਾਹਿਦ ਦਾ ਦਿਮਾਗੀ ਚੈੱਕਅੱਪ ਕਰਵਾਉਣ ਅਤੇ ਅਦਾਲਤ ਵਿਚ ਇਸ ਦੀ ਰਿਪੋਰਟ ਜਮਾਂ ਕਰਾਉਣ।

ਵਿਦੇਸ਼ਾਂ 'ਚ ਵੱਸਦੇ ਪਾਕਿ ਨਾਗਰਿਕਾਂ ਤੋਂ ਮੰਗੀ ਮਦਦ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੰਨ੍ਹ ਨਿਰਮਾਣ ਵਿਚ ਸਹਿਯੋਗ ਲਈ ਵਿਦੇਸ਼ਾਂ ਵਿਚ ਵੱਸਦੇ ਪਾਕਿਸਤਾਨੀ ਨਾਗਰਿਕਾਂ ਤੋਂ ਇਕ ਹਜ਼ਾਰ ਡਾਲਰ ਦਾਨ ਕਰਨ ਦੀ ਅਪੀਲ ਕੀਤੀ ਹੈ। ਇਮਰਾਨ ਖਾਨ ਨੇ ਸਰਕਾਰੀ ਟੀ.ਵੀ 'ਤੇ ਬੰਨ੍ਹ ਨਿਰਮਾਣ ਲਈ ਦਾਨ ਦੇਣ ਦੀ ਅਪੀਲ ਕੀਤੀ ਹੈ। ਚੰਦਾ ਇਕੱਠਾ ਕਰਨ ਲਈ ਪਾਕਿਸਤਾਨੀ ਫੌਜ ਨੇ 100 ਕਰੋੜ ਦਾ ਚੈੱਕ ਦਿੱਤਾ ਹੈ। ਚੰਦਾ ਇਕੱਠਾ ਕਰਨ ਲਈ ਪੋਸਟਰ ਲਗਾਏ ਗਏ ਹਨ। ਟੀ.ਵੀ. ਅਤੇ ਰੇਡੀਓ 'ਤੇ ਵਿਗਿਆਪਨ ਵੀ ਦਿੱਤੇ ਜਾ ਰਹੇ ਹਨ। ਪਾਕਿਸਤਾਨ ਦੇ ਉੱਤਰੀ ਖੇਤਰ ਵਿਚ ਦਾਯਮਰ-ਬਾਸ਼ਾ ਬੰਨ੍ਹ ਅਤੇ ਮੁਹਮੰਦ ਬੰਨ੍ਹ ਬਣਾਏ ਜਾਣੇ ਹਨ। 30 ਹਜ਼ਾਰ ਕਰੋੜ ਦੀ ਲਾਗਤ ਵਾਲੇ ਮੁਹੰਮਦ ਬੰਨ੍ਹ ਦਾ ਕੰਮ ਸਾਲ 2012 ਤੋਂ ਜਾਰੀ ਹੈ। ਸਵਾ ਲੱਖ ਕਰੋੜ ਰੁਪਏ ਦੀ ਲਾਗਤ ਵਾਲ ਦਾਯਮਰ-ਬਾਸ਼ਾ ਬੰਨ੍ਹ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋ ਸਕਿਆ ਹੈ।

Vandana

This news is Content Editor Vandana