ਪਾਕਿਸਤਾਨ : ਪਤਨੀ ਨੂੰ ਨਗਨ ਕਰਕੇ ਕੁੱਟਮਾਰ ਕਰਨ ਵਾਲੇ ਨੂੰ ਭੇਜਿਆ ਜੇਲ

04/01/2019 7:43:33 PM

ਲਾਹੌਰ— ਪਾਕਿ ਦੇ ਨਿਆਇਕ ਮੈਜਿਸਟ੍ਰੇਟ ਨੇ ਸੋਮਵਾਰ ਨੂੰ ਇਕ ਵਿਅਕਤੀ ਨੂੰ ਆਪਣੀ ਪਤਨੀ 'ਤੇ ਜ਼ੁਲਮ ਕਰਨ ਅਤੇ ਉਸ ਦੇ ਬਾਲ ਕੱਟਣ ਦੇ ਸ਼ੱਕ ਵਿਚ ਜੇਲ ਭੇਜ ਦਿੱਤਾ ਜਦੋਂ ਤੱਕ ਪੀੜਤ ਦੀ ਮੈਡੀਕਲ ਰਿਪੋਰਟ ਅਦਾਲਤ ਸਾਹਮਣੇ ਪੇਸ਼ ਨਹੀਂ ਹੋ ਜਾਂਦੀ। ਡਾਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਨਿਆਇਕ ਮੈਜਿਸਟ੍ਰੇਟ ਸ਼ਾਹਿਦ ਜੀਆ ਜੋ ਮਾਡਲ ਟਾਊਨ ਕੋਰਟ ਵਿਚ ਮਾਮਲੇ ਦੀ ਸੁਣਵਾਈ ਕਰ ਰਹੇ ਸਨ, ਨੇ ਕਿਹਾ ਕਿ ਇਸਤਗਾਸਾ ਧਿਰ ਅਸਮਾ ਅਜ਼ੀਜ਼ ਦੀ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਇਸ ਮਾਮਲੇ 'ਤੇ ਫੈਸਲਾ ਸੁਣਾਇਆ ਗਿਆ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਉੱਤਰ-ਪੂਰਬ ਪੰਜਾਬ ਸੂਬੇ ਦੇ ਲਾਹੌਰ ਦੀ ਰਹਿਣ ਵਾਲੀ ਅਸਮਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕੀਤੀ, ਜਿਸ 'ਚ ਉਸ ਨੇ ਕਿਹਾ ਕਿ ਉਸ ਦੇ ਪਤੀ ਮਿਆਂ ਫੈਸਲ ਨੇ ਉਸ ਨੂੰ ਆਪਣੇ ਦੋਸਤਾਂ ਸਾਹਮਣੇ ਨੱਚਣ ਨੂੰ ਕਿਹਾ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ। ਅਸਮਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਜ਼ਬਰਦਸਤੀ ਉਸ ਦੇ ਸਾਰੇ ਕੱਪੜੇ ਉਤਾਰ ਦਿੱਤੇ ਤੇ ਉਸ ਦੇ ਸਿਰ ਦੇ ਵਾਲ ਵੀ ਕੱਟ ਦਿੱਤੇ। ਇੰਨੇ ਤੋਂ ਵੀ ਜਦੋਂ ਉਨ੍ਹਾਂ ਦਾ ਦਿਲ ਨਾ ਭਰਿਆ ਤਾਂ ਉਨ੍ਹਾਂ ਨੇ ਉਸ ਦੇ ਲਈ ਭੱਦੀ ਸ਼ਬਦਾਵਲੀ ਵਰਤੀ ਤੇ ਉਸ ਨੂੰ ਲੋਹੇ ਦੀ ਪਾਈਪ ਨਾਲ ਕੁੱਟਿਆ। ਵੀਡੀਓ 'ਚ ਅਸਮਾ ਅੱਗੇ ਕਹਿੰਦੀ ਹੈ ਕਿ ਮੇਰੇ ਕੱਪੜੇ ਖੂਨ ਨਾਲ ਭਿੱਜੇ ਹੋਏ ਸਨ। ਮੈਨੂੰ ਇਕ ਪਾਈਪ ਨਾਲ ਬੰਨ੍ਹ ਕੇ ਪੰਖੇ ਨਾਲ ਲਟਕਾ ਦਿੱਤਾ।

ਮੈਨੂੰ ਮਾਰਨ ਦੀ ਧਮਕੀ ਦਿੱਤੀ। ਅਸਮਾ ਨੇ ਕਿਹਾ ਕਿ ਉਸ ਦਾ ਪਤੀ ਉਸ ਨੂੰ ਸ਼ਰਾਬ ਪੀ ਕੇ ਕੁੱਟਦਾ ਹੈ ਤੇ ਅਕਸਰ ਆਪਣੇ ਦੋਸਤਾਂ ਨੂੰ ਘਰ ਬੁਲਾ ਕੇ ਪਾਰਟੀ ਕਰਦਾ ਹੈ। ਇਸ ਸਭ ਤੋਂ ਬਾਅਦ ਬੁੱਧਵਾਰ ਨੂੰ ਪੋਸਟ ਕੀਤੇ ਵੀਡੀਓ 'ਚ ਅਸਮਾ ਦੱਸਦੀ ਹੈ ਕਿ ਉਸੇ ਦਿਨ ਦੀ ਘਟਨਾ ਤੋਂ ਬਾਅਦ ਉਹ ਉਥੋਂ ਭੱਜ ਗਈ ਤੇ ਪੁਲਸ ਨੂੰ ਸੰਪਰਕ ਕੀਤਾ। ਗਲਫ ਨਿਊਜ਼ ਨੇ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਪਾਕਿਸਤਾਨ 'ਚ ਔਰਤਾਂ ਖਿਲਾਫ ਹਿੰਸਾ ਦੇ 2500 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਸਨ। 2016 'ਚ ਪਾਕਿਸਤਾਨ ਜਾਰਜ ਟਾਊਨ ਇੰਸਟੀਚਿਊਟ ਦੇ ਮਹਿਲਾ, ਸ਼ਾਂਤੀ ਤੇ ਸੁਰੱਖਿਆ 'ਤੇ ਅਧਾਰਿਕ 153 ਦੇਸ਼ਾਂ ਦੀ ਸੂਚੀ 'ਚ 150 ਵੇਂ ਸਥਾਨ 'ਤੇ ਸੀ। ਅੰਕੜਿਆਂ 'ਚ ਕਿਹਾ ਗਿਆ ਕਿ ਇਕ ਚੌਥਾਈ ਤੋਂ ਜ਼ਿਆਦਾ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ।

Sunny Mehra

This news is Content Editor Sunny Mehra