ਪਾਕਿ ਦਾ ਦਾਅਵਾ : ਭਾਰਤ ਦੀ ਸਰਹੱਦੀ ਪੋਸਟ ਉਡਾਈ, ਮਾਰੇ 5 ਫੌਜੀ

02/16/2018 1:58:53 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਫੌਜੀਆਂ ਨੇ ਕੰਟਰੋਲ ਰੇਖਾ (ਐੱਲ. ਓ. ਸੀ.) ਨਾਲ ਲੱਗਦੇ ਟਾਟਾ ਪਾਣੀ (ਹੌਟ ਸਪਰਿੰਗ) ਸੈਕਟਰ ਵਿਚ ਇਕ ਭਾਰਤੀ ਪੋਸਟ ਨੂੰ ਨਸ਼ਟ ਕਰ ਦਿੱਤਾ ਅਤੇ 5 ਫੌਜੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਦੇ ਬੁਲਾਰਾ ਮੇਜਰ ਜਨਰਲ ਆਸਿਫ ਗਫੂਰ ਨੇ ਕੱਲ ਦੇਰ ਰਾਤ ਟਵੀਟ ਕਰ ਕੇ ਇਕ ਵੀਡੀਓ ਸਾਂਝਾ ਕੀਤੀ। ਇਸ ਵਿਚ ਕਥਿਤ ਤੌਰ 'ਤੇ ਪਾਕਿਸਤਾਨੀ ਫੌਜ ਭਾਰਤ ਦੀ ਸਰਹੱਦੀ ਪੋਸਟ 'ਤੇ ਹਮਲਾ ਕਰਦੇ ਹੋਏ ਦਿੱਸ ਰਹੀ ਹੈ ਅਤੇ ਹਾਦਸੇ ਵਾਲੀ ਜਗ੍ਹਾ ਤੋਂ ਧੂੰਆਂ ਨਿਕਲਦਾ ਦਿੱਸ ਰਿਹਾ ਹੈ। ਗਫੂਰ ਨੇ ਟਵੀਟ ਕੀਤਾ,''ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਟਾਟਾ ਪਾਣੀ ਸੈਕਟਰ ਵਿਚ ਕੰਟਰੋਲ ਰੇਖਾ 'ਤੇ ਸਥਿਤ ਭਾਰਤੀ ਸਰਹੱਦੀ ਪੋਸਟ ਨੂੰ ਪਾਕਿਸਤਾਨ ਨੇ ਬਰਬਾਦ ਕਰ ਦਿੱਤਾ। ਪੰਜ ਫੌਜੀਆਂ ਨੂੰ ਮਾਰ ਦਿੱਤਾ ਅਤੇ ਕਈ ਫੌਜੀਆਂ ਨੂੰ ਜ਼ਖਮੀ ਕਰ ਦਿੱਤਾ। ਨਿਰਦੋਸ਼ ਨਾਗਰਿਕਾਂ ਵਿਰੁੱਧ ਭਾਰਤੀ ਅੱਤਵਾਦ ਨੂੰ ਸਖਤੀ ਨਾਲ ਜਵਾਬ ਦਿੱਤਾ ਗਿਆ।''

ਹਾਲਾਂਕਿ ਨਵੀਂ ਦਿੱਲੀ ਵਿਚ ਭਾਰਤੀ ਫੌਜ ਦੇ ਇਕ ਅਧਿਕਾਰੀ ਨੇ ਪਾਕਿਸਤਾਨੀ ਫੌਜ ਦੇ ਦਾਅਵਿਆਂ ਨੂੰ 'ਬੇਬੁਨਿਆਦ' ਦੱਸਿਆ ਹੈ। ਪਾਕਿਸਤਾਨ ਦੀ ਇਕ ਅਖਬਾਰ ਮੁਤਾਬਕ ਭਾਰਤੀ ਪੋਸਟ ਨੂੰ ਉਡਾਉਣ ਦਾ ਫੈਸਲਾ ਉਸ ਘਟਨਾ ਦੇ ਕੁਝ ਘੰਟਿਆਂ ਦੇ ਬਾਅਦ ਲਿਆ ਗਿਆ, ਜਦੋਂ ਪੀ. ਓ. ਕੇ. ਸੀਮਾ ਨਾਲ ਲੱਗਦੇ ਬਹੁਤ ਸੰਵੇਦਨਸ਼ੀਲ ਪਿੰਡ ਵਿਚ ਭਾਰਤੀ ਫੌਜੀਆਂ ਵੱਲੋਂ ਇਕ ਸਕੂਲ ਵੈਨ 'ਤੇ ਹਮਲਾ ਕਰ ਕੇ ਉਸ ਦੇ ਡਰਾਈਵਰ ਨੂੰ ਮਾਰ ਦਿੱਤਾ ਸੀ।