ਪਾਕਿ ''ਚ ਨਾਰਾਜ਼ ਭੀੜ ਨੇ ਅਖਬਾਰ ਦਫਤਰ ਦੀ ਕੀਤੀ ਘੇਰਾਬੰਦੀ

12/03/2019 3:12:59 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਇਕ ਅਖਬਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਈ ਪ੍ਰਦਰਸ਼ਨਕਾਰੀ ਇਸਲਾਮਾਬਾਦ ਸਥਿਤ ਉਸ ਦੇ ਦਫਤਰ ਵਿਚ ਦਾਖਲ ਹੋ ਗਏ। ਇਹ ਪ੍ਰਦਰਸ਼ਨਕਾਰੀ ਪ੍ਰਮੁੱਖ ਰੋਜ਼ਾਨਾ ਅਖਬਾਰ ਦੀ ਉਸ ਖਬਰ ਨਾਲ ਨਾਰਾਜ਼ ਸਨ ਜਿਸ ਵਿਚ ਲੰਡਨ ਬ੍ਰਿਜ ਹਮਲਾਵਰ ਦੀ ਪਛਾਣ ਪਾਕਿਸਤਾਨੀ ਮੂਲ ਦੇ ਸ਼ਖਸ ਦੇ ਤੌਰ 'ਤੇ ਕੀਤੀ ਗਈ ਹੈ। ਡਾਨ ਅਖਬਾਰ ਨੇ ਆਪਣੀ ਹੈੱਡਲਾਈਨ ਵਿਚ ਮਕਬੂਜ਼ਾ ਕਸ਼ਮੀਰ ਦੇ ਇਸਲਾਮਿਕ ਅੱਤਵਾਦੀ ਉਸਮਾਨ ਖਾਨ ਦੀ ਪਛਾਣ ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਦੇ ਤੌਰ 'ਤੇ ਕੀਤੀ ਸੀ। 

ਉਸਮਾਨ ਨੇ ਪਿਛਲੇ ਹਫਤੇ ਲੰਡਨ ਬ੍ਰਿਜ 'ਤੇ ਕੀਤੇ ਗਏ ਅੱਤਵਾਦੀ ਹਮਲੇ ਵਿਚ 2 ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉੱਥੇ ਕਈ ਹੋਰ ਸਥਾਨਕ ਅਖਬਾਰਾਂ ਨੇ ਦੱਸਿਆ ਸੀ ਕਿ ਉਸ ਦਾ ਜਨਮ ਅਤੇ ਪਾਲਣ-ਪੋਸ਼ਣ ਬ੍ਰਿਟੇਨ ਵਿਚ ਹੋਇਆ ਅਤੇ ਉਸ ਦਾ ਪਾਕਿਸਤਾਨ ਨਾਲ ਕੋਈ ਸੰਬੰਧ ਨਹੀਂ। ਸੋਮਵਾਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਇਸਲਾਮਾਬਾਦ ਵਿਚ ਡਾਨ ਅਖਬਾਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਅਖਬਾਰ ਨੇ ਦੱਸਿਆ ਕਿ ਉਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਨਾਰਾਜ਼ ਭੀੜ ਕਰੀਬ 3 ਘੰਟੇ ਤੱਕ ਦਫਤਰ ਦੇ ਬਾਹਰ ਡਟੀ ਰਹੀ। 

ਉਨ੍ਹਾਂ ਨੇ ਕੰਪਲੈਕਸ ਦੀ ਘੇਰਾਬੰਦੀ ਕੀਤੀ ਅਤੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੇ ਕਰਮਚਾਰੀਆਂ ਨੂੰ ਇਮਾਰਤ ਵਿਚ ਦਾਖਲ ਹੋਣ ਅਤੇ ਬਾਹਰ ਨਿਕਲਣ ਤੋਂ ਰੋਕ ਦਿੱਤਾ ਅਤੇ ਲਿਖਤੀ ਵਿਚ ਮੁਆਫੀ ਮੰਗਣ ਲਈ ਕਿਹਾ। ਕੁਝ ਪ੍ਰਦਰਸ਼ਨਕਾਰੀਆਂ ਨੇ ਅਖਬਾਰ ਅਤੇ ਡਾਨ ਟੀਵੀ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਮੀਡੀਆ ਹਾਊਸ ਦੇ ਸੁਰੱਖਿਆ ਕਰਮੀਆਂ ਨੂੰ ਪੁਲਸ ਅਤੇ ਅਧਿਕਾਰੀਆਂ ਦੇ ਆਉਣ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੂੰ ਕੰਪਲੈਕਸ ਵਿਚ ਆਉਣ ਤੋਂ ਰੋਕਣ ਲਈ ਗੇਟ ਬੰਦ ਕਰਨੇ ਪਏ। 

ਇਕ ਸਹਾਇਕ ਕਮਿਸ਼ਨਰ ਦੀ ਮੌਜੂਦਗੀ ਵਿਚ ਅਖਬਾਰ ਪ੍ਰਬੰਧਕ ਦੇ ਨਾਲ ਘੰਟਿਆਂ ਤੱਕ ਚੱਲੀ ਗੱਲਬਾਤ ਦੇ ਬਾਅਦ ਪ੍ਰਦਰਸ਼ਨਕਾਰੀ ਚਿਤਾਵਨੀਆਂ ਦੇਣ ਦੇ ਬਾਅਦ ਆਖਿਰਕਾਰ ਜਾਣ ਲਈ ਤਿਆਰ ਹੋ ਗਏ। ਵਿਭਿੰਨ ਰਾਜਨੀਤਕ ਦਲਾਂ, ਸਾਂਸਦਾਂ ਅਤੇ ਮੀਡੀਆ ਸੰਸਥਾਵਾਂ ਨੇ ਇਸ ਘਟਨਾ  ਦੀ ਨਿੰਦਾ ਕੀਤੀ ਹੈ।

Vandana

This news is Content Editor Vandana