ਪਾਕਿ ''ਚ ਕੋਰੋਨਾਵਾਇਰਸ ਪੀੜਤਾਂ ਦੀ ਗਿਣਤੀ 221,000 ਦੇ ਪਾਰ

07/03/2020 3:15:51 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 113,623 ਵਿਅਕਤੀਆਂ ਨੇ ਕੋਰੋਨਾਵਾਇਰਸ ਨੂੰ ਹਰਾ ਦਿੱਤਾ ਹੈ। ਇਹ ਅੰਕੜਾ ਦੇਸ਼ ਵਿਚ ਪਹਿਲੀ ਵਾਰ ਐਕਟਿਵ ਕੋਵਿਡ-19 ਪੀੜਤਾਂ ਦੀ ਗਿਣਤੀ ਨੂੰ ਪਾਰ ਕਰ ਗਿਆ ਹੈ।ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਦੇ ਮੁਤਾਬਕ,“ਦੇਸ਼ ਭਰ ਵਿਚ ਕੁੱਲ 221,896 ਕੋਵਿਡ-19 ਪਾਜ਼ੇਟਿਵ ਮਰੀਜ਼ਾਂ ਵਿਚੋਂ ਹੁਣ ਤੱਕ 113,623 ਇਸ ਬੀਮਾਰੀ ਤੋਂ ਠੀਕ ਹੋਏ ਹਨ।” ਠੀਕ ਹੋਏ ਮਰੀਜ਼ਾਂ ਨੇ ਐਕਟਿਵ 108,273 ਕੋਰੋਨਾ ਪੀੜਤਾਂ ਦੀ ਗਿਣਤੀ ਨੂੰ ਪਾਰ ਕਰ ਲਿਆ ਹੈ।

ਸਿੰਧ ਵਿਚ 89,225 ਪੁਸ਼ਟੀ ਕੀਤੇ ਮਾਮਲਿਆਂ ਵਿਚੋਂ 49,926 ਮਰੀਜ਼ ਠੀਕ ਹੋਏ ਹਨ, ਜਦੋਂਕਿ ਪੰਜਾਬ ਵਿਚ 78,956 ਮਰੀਜ਼ਾਂ ਵਿਚੋਂ 33,786 ਠੀਕ ਹੋਏ ਹਨ। ਮੰਤਰਾਲੇ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਵਿਚ 27,170 ਮਾਮਲਿਆਂ ਵਿਚੋਂ 14,715 ਅਤੇ ਬਲੋਚਿਸਤਾਨ ਵਿਚ 10,666 ਮਾਮਲਿਆਂ ਵਿਚੋਂ 5,073 ਠੀਕ ਹੋਏ ਹਨ। ਸੰਘੀ ਰਾਜਧਾਨੀ ਇਸਲਾਮਾਬਾਦ ਵਿਚ 13,195 ਮਾਮਲਿਆਂ ਵਿਚੋਂ 8,264 ਠੀਕ ਹੋਏ ਹਨ। ਗਿਲਗਿਤ-ਬਾਲਟਿਸਤਾਨ ਵਿਚ 1,524 ਮਾਮਲਿਆਂ ਵਿਚੋਂ 1,173 ਮਰੀਜ਼ ਅਤੇ ਮਕਬੂਜ਼ਾ ਕਸ਼ਮੀਰ ਵਿਚ 1,160 ਪੁਸ਼ਟੀ ਕੀਤੇ ਮਰੀਜ਼ਾਂ ਵਿਚੋਂ 686 ਮਰੀਜ਼ ਠੀਕ ਹੋਏ ਹਨ।

ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 4,551 ਮਰੀਜ਼ਾਂ ਦੀ ਮੌਤ ਹੋ ਗਈ ਹੈ, ਇਹਨਾਂ ਵਿਚ ਪਿਛਲੇ 24 ਘੰਟਿਆਂ ਵਿਚ ਮਰਨ ਵਾਲੇ 78 ਲੋਕ ਵੀ ਸ਼ਾਮਲ ਹਨ। ਹੋਰ 2,479 ਮਰੀਜ਼ਾਂ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਵਿਚ ਹੋਰ 22,941 ਕੋਰੋਨਾਵਾਇਰਸ ਟੈਸਟ ਕੀਤੇ, ਜਿਨ੍ਹਾਂ ਨਾਲ ਕੁੱਲ ਟੈਸਟਾਂ ਦੀ ਗਿਣਤੀ 1,350,773 ਹੋ ਗਈ।
ਇਸ ਦੌਰਾਨ, ਗਰੀਬੀ ਦੂਰ ਕਰਨ ਅਤੇ ਸਮਾਜਿਕ ਸੁਰੱਖਿਆ ਬਾਰੇ ਵਿਸ਼ੇਸ਼ ਸਹਾਇਕ ਡਾਕਟਰ ਸਾਨੀਆ ਨਿਸ਼ਤਰ ਨੇ ਕਿਹਾ ਕਿ ਅਹਿਸਾਸ ਕੈਸ਼ ਪ੍ਰੋਗਰਾਮ ਤਹਿਤ ਪਿਛਲੇ 11 ਹਫ਼ਤਿਆਂ ਵਿਚ 12.3 ਮਿਲੀਅਨ ਤੋਂ ਵੱਧ ਪਰਿਵਾਰਾਂ ਦੀ ਮਦਦ ਕੀਤੀ ਗਈ। ਉਹਨਾਂ ਨੇ ਵੀਰਵਾਰ ਨੂੰ ਕੋਵਿਡ-19 ਦੇ ਸਮਾਜਿਕ ਸੁਰੱਖਿਆ ਪ੍ਰਤੀਕਰਮ ਬਾਰੇ ਰਾਜਦੂਤਾਂ, ਉੱਚ ਕਮਿਸ਼ਨਰਾਂ, ਦੇਸ਼ ਦੇ ਨੁਮਾਇੰਦਿਆਂ ਅਤੇ 60 ਤੋਂ ਵੱਧ ਦੇਸ਼ਾਂ ਦੇ ਇੰਚਾਰਜ ਅਫਸਰਾਂ ਨੂੰ ਜਾਣਕਾਰੀ ਦਿੱਤੀ। ਪ੍ਰੋਗਰਾਮ ਤਹਿਤ ਹਰੇਕ ਗਰੀਬ ਪਰਿਵਾਰ ਨੂੰ 12,000 ਰੁਪਏ ਦੀ ਮਦਦ ਦਿੱਤੀ ਗਈ।
 

Vandana

This news is Content Editor Vandana