ਸ਼ਰੀਫ ਦੇ ਇਲਾਜ ਲਈ ਸ਼ਹਿਬਾਜ਼ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

11/15/2019 10:07:20 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਅਤੇ ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਉਨ੍ਹਾਂ ਦੇ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਦੇ ਪਾਕਿਸਤਾਨ ਸਰਕਾਰ ਦੇ ਸ਼ਰਤ ਸਮੇਤ ਫੈਸਲੇ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੀ ਕਾਨੂੰਨੀ ਟੀਮ ਨੇ ਫੈਸਲੇ ਦੇ ਵਿਰੁੱਧ ਲਾਹੌਰ ਹਾਈ ਕੋਰਟ (LHC) ਨਾਲ ਸੰਪਰਕ ਕੀਤਾ ਹੈ। 

ਪਾਕਿਸਤਾਨੀ ਮੀਡੀਆ ਮੁਤਾਬਕ ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਸ਼ਹਿਬਾਜ਼ ਸ਼ਰੀਫ ਵੀਰਵਾਰ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਆਪਣੇ ਸੰਬੋਧਨ ਵਿਚ ਸ਼ਹਿਬਾਜ਼ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਨਾਲ ਗੰਦੀ ਰਾਜਨੀਤੀ ਖੇਡ ਰਹੀ ਹੈ। ਲਾਹੌਰ ਹਾਈ ਕੋਰਟ ਦੀ 2 ਮੈਂਬਰੀ ਬੈਂਚ ਪੀ.ਐੱਮ.ਐੱਲ.-ਐੱਨ. ਪ੍ਰਧਾਨ ਦੀ ਪਟੀਸ਼ਨ 'ਤੇ ਐਗਜ਼ਿਟ ਕੰਟਰੋਲ ਲਿਸਟ ਤੋਂ ਸਾਬਕਾ ਪ੍ਰਮੁੱਖ ਦਾ ਨਾਮ ਹਟਾਉਣ ਦੀ ਮੰਗ ਕਰੇਗੀ। 

ਪਟੀਸ਼ਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਦਾਲਤ ਹਰਜ਼ਾਨਾ ਬਾਂਡ ਲਈ ਸ਼ਰਤ ਨੂੰ ਗੈਰ ਕਾਨੂੰਨੀ ਐਲਾਨੇ। ਹਾਈ ਕੋਰਟ ਨੇ ਪਹਿਲਾਂ ਹੀ ਸਰਕਾਰ ਨੂੰ ਪਟੀਸ਼ਨ 'ਤੇ ਲਿਖਤੀ ਜਵਾਬ ਪੇਸ਼ ਕਰਨ ਲਈ ਨੋਟਿਸ ਜਾਰੀ ਕੀਤਾ ਹੈ। ਸੁਣਵਾਈ ਸ਼ੁੱਕਰਵਾਰ ਤੱਕ ਮੁਲਤਵੀ ਕਰ ਦਿੱਤੀ ਗਈ।

Vandana

This news is Content Editor Vandana