ਨਵਾਜ਼, ਮਰੀਅਮ ਤੇ ਸਫਦਰ ਦੀ ਪੈਰੋਲ ਮਿਆਦ 3 ਦਿਨ ਹੋਰ ਵਧੀ

09/12/2018 5:47:47 PM

ਇਸਲਾਮਾਬਾਦ (ਭਾਸ਼ਾ)— ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਬੇਟੀ ਮਰੀਅਮ ਅਤੇ ਜਵਾਈ ਸਫਦਰ ਦੀ ਪੈਰੋਲ ਮਿਆਦ ਬੁੱਧਵਾਰ ਨੂੰ 3 ਦਿਨ ਲਈ ਹੋਰ ਵਧਾ ਦਿੱਤੀ ਗਈ। ਇਨ੍ਹਾਂ ਤਿੰਨਾਂ ਨੂੰ ਬੇਗਮ ਕੁਲਸੁਮ ਨਵਾਜ਼ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ ਪੈਰੋਲ ਦਿੱਤੀ ਗਈ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿਚ ਸਾਹਮਣੇ ਆਈ ਹੈ। ਸ਼ਰੀਫ ਦੀ ਬੀਮਾਰ ਪਤਨੀ ਕੁਲਸੁਮ ਨਵਾਜ਼ ਦਾ ਲੰਡਨ ਦੇ ਇਕ ਹਸਪਤਾਲ ਵਿਚ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਇਸ ਦੇ ਕੁਝ ਘੰਟਿਆਂ ਮਗਰੋਂ ਹੀ ਰਾਵਲਪਿੰਡੀ ਸਥਿਤ ਅਦਿਆਲਾ ਜੇਲ ਤੋਂ ਤਿੰਨਾਂ ਨੂੰ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ। 

ਸ਼ੁਰੂ ਵਿਚ ਉਨ੍ਹਾਂ ਨੂੰ 12 ਘੰਟਿਆਂ ਲਈ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਸ਼ਰੀਫ ਪਰਿਵਾਰ ਨੇ 5 ਦਿਨ ਦੇ ਪੈਰੋਲ ਦੀ ਮੰਗ ਕੀਤੀ ਸੀ। ਪੰਜਾਬ ਸੂਬੇ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਤਾਬਕ,''ਪੈਰੋਲ ਦੀ ਇਹ ਮਿਆਦ ਅੱਜ ਰਾਤ ਨੂੰ ਸ਼ੁਰੂ ਹੋਵੇਗੀ ਅਤੇ ਸ਼ਨੀਵਾਰ ਰਾਤ ਤੱਕ ਖਤਮ ਹੋ ਜਾਵੇਗੀ। ਇਸ ਮਿਆਦ ਨੂੰ ਸਿਰਫ ਬੇਗਮ ਕੁਲਸੁਮ ਦੇ ਅੰਤਮ ਸਸਕਾਰ ਵਿਚ ਦੇਰੀ ਹੋਣ ਦੀ ਸਥਿਤੀ ਵਿਚ ਹੀ ਵਧਾਇਆ ਜਾਵੇਗਾ।''