ਕੋਵਿਡ-19 ਨਾਲ ਨਜਿੱਠਣ ਲਈ ਚੀਨ ਨੇ ਪਾਕਿ ਭੇਜੀ ਮੈਡੀਕਲ ਮਦਦ

03/27/2020 3:48:27 PM

ਇਸਲਾਮਾਬਾਦ (ਬਿਊਰੋ): ਕੋਰੋਨਾਵਾਇਰਸ ਨੇ ਲੱਗਭਗ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਵੀ ਇਸ ਵਾਇਰਸ ਦੀ ਚਪੇਟ ਵਿਚ ਹੈ। ਪਾਕਿਸਤਾਨ ਕੋਲ ਕੋਵਿਡ-19 ਨਾਲ ਨਜਿੱਠਣ ਲਈ ਹੁਣ ਤੱਕ ਜ਼ਰੂਰੀ ਸਾਮਾਨ ਦੀ ਕਮੀ ਸੀ। ਭਾਵੇਂਕਿ ਹੁਣ ਉਸ ਦੀ ਮਦਦ ਲਈ ਚੀਨ ਦੇ 2 ਫਾਊਂਡੇਸ਼ਨ ਅੱਗੇ ਆਏ ਹਨ। ਚੀਨ ਦੇ ਜੈਕ ਮਾ ਅਤੇ ਅਲੀ ਬਾਬਾ ਫਾਊਂਡੇਸ਼ਨ ਨੇ ਪਾਕਿਸਤਾਨ ਵਿਚ ਮੈਡੀਕਲ ਸਮਾਨ ਨਾਲ ਭਰਪੂਰ ਦੂਜਾ ਜਹਾਜ਼ ਭੇਜਿਆ ਹੈ ਜੋ 25 ਮਾਰਚ ਨੂੰ ਲੈਂਡ ਕਰ ਚੁੱਕਾ ਹੈ।

ਅਲੀਬਾਬਾ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ,''ਇਕ ਹੋਰ ਜਹਾਜ਼ ਜੋ ਬਹੁਤ ਜ਼ਰੂਰੀ ਮੈਡੀਕਲ ਸਪਲਾਈ ਲੈ ਕੇ ਜਾ ਰਿਹਾ ਸੀ ਪਾਕਿਸਤਾਨ ਲੈਂਡ ਕਰ ਚੁੱਕਾ ਹੈ। ਇਸ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਿਟੀ ਵੱਲੋਂ ਪੂਰੇ ਦੇਸ਼ ਵਿਚ ਪਹੁੰਚਾਇਆ ਅਤੇ ਵੰਡਿਆ ਜਾਵੇਗਾ।''

 

ਇੱਥੇ ਦੱਸ ਦਈਏ ਕਿ ਜੈਕ ਮਾ ਅਤੇ ਅਲੀਬਾਬਾ ਫਾਊਂਡੇਸ਼ਨ ਨੇ ਪਾਕਿਸਤਾਨ ਸਮੇਤ 10 ਏਸ਼ੀਆਈ ਦੇਸ਼ਾਂ ਵਿਚ ਕੋਵਿਡ-19 ਦੀ ਜਾਂਚ ਵਾਲੀਆਂ 210,000 ਕਿਟ, 1.8 ਮਿਲੀਅਨ ਮਾਸਕ ਅਤੇ ਹੋਰ ਐਮਰਜੈਂਸੀ ਸਾਮਾਨ ਭੇਜਿਆ ਹੈ। ਜੈਕ ਮਾ ਅਤੇ ਅਲੀ ਬਾਬਾ ਫਾਊਂਡੇਸ਼ਨ ਨੇ ਪਾਕਿਸਤਾਨ ਦੇ ਇਲਾਵਾ ਅਫਗਾਨਿਸਤਾਨ, ਕੰਬੋਡੀਆ, ਲਾਅੋਸ, ਮਾਲਦੀਵ, ਮੰਗੋਲੀਆ, ਮਿਆਂਮਾਰ, ਨੇਪਾਲ ਅਤੇ ਸ਼੍ਰੀਲੰਕਾ ਨੂੰ ਪ੍ਰੋਟੈਕਟਿਵ ਸੂਟ, ਵੈਂਟੀਲੇਟਰ ਅਤੇ ਥਰਮਾਮੀਟਰ ਭੇਜੇ ਹਨ। 

ਇਸ ਤੋਂ ਪਹਿਲਾਂ ਚੀਨ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਉਹ ਗਿਲਗਿਤ-ਬਾਲਟੀਸਤਾਨ ਵਿਚ ਚੀਨ ਨਾਲ ਲੱਗਦੀ ਖੁੰਜੇਰਾਬ ਨੇੜਲੀ ਸੀਮਾ ਨੂੰ 27 ਮਾਰਚ ਲਈ ਖੋਲ੍ਹ ਦੇਵੇ ਤਾਂ ਜੋ ਜ਼ਰੂਰੀ ਸਾਮਾਨ ਉੱਥੇ ਤੱਕ ਪਹੁੰਚ ਸਕੇ। ਇਹ ਸੀਮਾ ਆਮਤੌਰ 'ਤੇ ਹਰੇਕ ਸਾਲ 1 ਅਪ੍ਰੈਲ ਤੋਂ ਖੋਲ੍ਹੀ ਜਾਂਦੀ ਸੀ ਪਰ ਇਸ ਵਾਰ ਕੋਰੋਨਾ ਦੇ ਖਤਰੇ ਕਾਰਨ ਇਸ ਨੂੰ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਗਿਆ। ਇਸ ਬਾਰੇ ਵਿਚ ਪਾਕਿਸਤਾਨ ਸਥਿਤ ਚੀਨੀ ਦੂਤਾਵਾਸ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖ ਕੇ ਦੱਸਿਆ ਸੀ ਕਿ ਚੀਨ ਦੇ ਝਿਨਜਿਆਂਗ ਸੂਬੇ ਦੇ ਗਵਰਨਰ ਪਾਕਿਸਤਾਨ ਦੇ ਗਿਲਗਿਤ-ਬਾਲਟੀਸਤਾਨ ਦੇ ਲਈ ਕੋਰੋਨਾ ਬਚਾਅ ਲਈ ਜ਼ਰੂਰੀ ਮੈਡੀਕਲ ਸਮਾਨਾਂ ਦੀ ਖੇਪ ਮਦਦ ਦੇ ਤੌਰ 'ਤੇ ਦੇਣਾ ਚਾਹੁੰਦੇ ਹਨ।

Vandana

This news is Content Editor Vandana