2 ਨਵੰਬਰ ਨੂੰ ਖੁਲ੍ਹੇਗਾ ਕਰਤਾਰਪੁਰ ਲਾਂਘਾ : PSGPC

07/08/2019 2:45:44 PM

ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਤਾਰਾ ਸਿੰਘ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਮੁਤਾਬਕ ਪਾਕਿਸਤਾਨ ਦੇ ਨਾਰੋਵਾਲ ਸੂਬੇ ਵਿਚ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਨੂੰ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਨ ਵਾਲਾ ਕਰਤਾਰਪੁਰ ਕੋਰੀਡੋਰ 2 ਨਵੰਬਰ ਨੂੰ ਖੁੱਲ੍ਹੇਗਾ। ਇਸ ਮਗਰੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜਥਾ 9 ਨਵੰਬਰ ਨੂੰ ਕੋਰੀਡੋਰ ਜ਼ਰੀਏ ਪਾਕਿਸਤਾਨ ਆਵੇਗਾ। 

ਇਕ ਅੰਗਰੇਜ਼ੀ ਅਖਬਾਰ ਨੇ ਤਾਰਾ ਸਿੰਘ ਦੇ ਹਵਾਲੇ ਨਾਲ ਦੱਸਿਆ,''ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ 8 ਜਾਂ 9 ਨਵੰਬਰ ਨੂੰ ਖੋਲ੍ਹਿਆ ਜਾਵੇ ਤਾਂ ਜੋ ਸਿੱਖ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚ ਸਕਣ। ਨਾਲ ਹੀ ਇਹ ਅਪੀਲ ਵੀ ਕੀਤੀ ਹੈ ਕਿ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਪਾਬੰਦੀ ਦੇ ਗੁਰੂ ਨਾਨਕ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ।'' 

ਤਾਰਾ ਸਿੰਘ ਨੇ ਦੱਸਿਆ ਕਿ ਕਰਤਾਰਪੁਰ ਕੋਰੀਡੋਰ ਨਵੰਬਰ ਵਿਚ ਸਿੱਖਾਂ ਦੇ ਪਹਿਲੇ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁੱਲੇਗਾ ਅਤੇ ਸਮਾਰੋਹ 10 ਤੋਂ 12 ਨਵੰਬਰ ਤੱਕ ਕਰਵਾਏ ਜਾਣਗੇ। ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਬਾਰੇ ਗੱਲਬਾਤ ਕਰਦਿਆਂ ਤਾਰਾ ਸਿੰਘ ਨੇ ਕਿਹਾ,''ਹਰੇਕ ਸਾਲ ਦੇਸ਼ ਅਤੇ ਵਿਦੇਸ਼ ਤੋਂ 25,000 ਤੋਂ 30,000 ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਆਉਂਦੇ ਹਨ। ਭਾਵੇਂਕਿ ਇਸ ਸਾਲ ਲੱਗਭਗ 1 ਲੱਖ ਸਿੱਖ ਸ਼ਰਧਾਲੂਆਂ ਦੇ ਰੁਕਣ ਅਤੇ ਭੋਜਨ ਦੀ ਵਿਵਸਥਾ ਕੀਤੀ ਜਾ ਰਹੀ ਹੈ। ਦੁਨੀਆ ਭਰ ਵਿਚ ਸਿੱਖ ਸ਼ਰਧਾਲੂਆਂ ਲਈ 3,000 ਦੀ ਬਜਾਏ ਕਰੀਬ 10,000 ਵੀਜ਼ਾ ਜਾਰੀ ਕੀਤੇ ਜਾਣਗੇ। ਇਨ੍ਹਾਂ ਦੇ ਇਲਾਵਾ ਦੇਸ਼ ਵਿਚ ਰਹਿਣ ਵਾਲਾ ਸਿੱਖ ਭਾਈਚਾਰਾ ਵੀ ਇਨ੍ਹਾਂ ਆਯੋਜਨਾਂ ਵਿਚ ਸ਼ਾਮਲ ਹੋਵੇਗਾ।''

ਤਾਰਾ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਅਤੇ ਵਿਵਸਥਾਵਾਂ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਸਲਾਹ ਲਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੋਰੀਡੋਰ ਉਦਘਾਟਨ ਸਬੰਧੀ ਨਵੇਂ ਦੌਰ ਦੀ ਵਾਰਤਾ 14 ਜੁਲਾਈ ਨੂੰ ਹੋਵੇਗੀ।

Vandana

This news is Content Editor Vandana