ਭਾਰਤ ਵਿਰੁੱਧ ਨਫਰਤ ਫੈਲਾਉਣ ਲਈ ਪਾਕਿ ਕਰ ਰਿਹੈ ਮਾਸੂਮਾਂ ਦੀ ਵਰਤੋਂ (ਵੀਡੀਓ)

10/14/2019 1:53:50 PM

ਇਸਲਾਮਾਬਾਦ (ਬਿਊਰੋ)— ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਦੀ ਬੌਖਲਾਹਟ ਸਿਖਰ 'ਤੇ ਹੈ। ਇਸ ਬੌਖਲਾਹਟ ਵਿਚ ਪਾਕਿਸਤਾਨ ਭਾਰਤ ਵਿਰੁੱਧ ਨਫਰਤ ਫੈਲਾਉਣ ਲਈ ਆਪਣੇ ਮਾਸੂਮ ਬੱਚਿਆਂ ਦੀ ਵਰਤੋਂ ਕਰ ਰਿਹਾ ਹੈ। ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਚ ਅਗਸਤ ਵਿਚ ਧਾਰਾ 370 ਹਟਾਏ ਜਾਣ ਦੇ ਬਾਅਦ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਨੇ ਕਸ਼ਮੀਰ ਮੁੱਦੇ 'ਤੇ ਅੰਤਰਰਾਸ਼ਟਰੀ ਸਹਿਯੋਗ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ। ਉਹ ਭਾਰਤ ਵਿਰੁੱਧ ਕਸ਼ਮੀਰੀਆਂ 'ਤੇ ਅੱਤਿਆਚਾਰ ਕਰਨ ਦਾ ਵੀ ਪ੍ਰਚਾਰ ਕਰਦਾ ਰਿਹਾ। 

ਇਕ ਦੇ ਬਾਅਦ ਇਕ ਮਿਲੀ ਹਾਰ ਦੇ ਬਾਅਦ ਉਸ ਦੀ ਬੌਖਲਾਹਟ ਇੰਨੀ ਵੱਧ ਗਈ ਹੈ ਕਿ ਹੁਣ ਭਾਰਤ ਵਿਰੁੱਧ ਨਫਰਤ ਫੈਲਾਉਣ ਲਈ ਉਹ ਮਾਸੂਮ ਬੱਚਿਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਵਿਚ ਹੈ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਨੂੰ ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ।

 

ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ 45 ਸੈਕੰਡ ਦੇ ਇਸ ਵੀਡੀਓ ਵਿਚ ਪਾਕਿਸਤਾਨੀ ਬੱਚੇ  ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਖਤਮ ਕਰਨ ਦੇ ਭਾਰਤ ਦੇ ਫੈਸਲੇ ਵਿਰੁੱਧ ਆਜ਼ਾਦੀ-ਏ-ਕਸ਼ਮੀਰ ਸੰਮੇਲਨ ਵਿਚ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਵਿਰੋਧੀ ਟਿੱਪਣੀ ਕਰਦੇ ਦਿਖਾਈ ਦੇ ਰਹੇ ਹਨ। ਵੀਡੀਓ ਪਾਕਿਸਤਾਨ ਇਸਲਾਮਿਕ-ਏ-ਤਲਬਾ (ਪਾਕਿਸਤਾਨ ਦਾ ਵੱਡਾ ਵਿਦਿਆਰਥੀ ਸੰਗਠਨ) ਦੀ ਕਸ਼ਮੀਰ ਮੁਹਿੰਮ ਦਾ ਇਕ ਹਿੱਸਾ ਹੈ।

ਨਾਇਲਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਪਾਕਿਸਤਾਨੀ ਬੱਚਿਆਂ ਦੀ ਇਕ ਹੋਰ ਬ੍ਰੇਨ ਵਾਸ਼ ਪੀੜ੍ਹੀ, ਜੋ ਭਾਰਤ 'ਤੇ ਕਬਜ਼ੇ ਦਾ ਸੁਪਨਾ ਦੇਖ ਰਹੀ ਹੈ। ਇਸ ਵੀਡੀਓ 'ਤੇ ਕਾਫੀ ਤਿੱਖੀਆਂ ਪ੍ਰਤੀਕਿਰਿਆਵਾਂ ਕੀਤੀਆਂ ਗਈਆਂ ਹਨ। ਇਕ ਯੂਜ਼ਰ ਨੇ ਟਵੀਟ ਕੀਤਾ,''ਕੀ ਉਨ੍ਹਾਂ ਦੇ ਅਧਿਆਪਕ ਆਤਮਘਾਤੀ ਬੰਬ ਧਮਾਕੇ ਦਾ ਲਾਈਵ ਡੈਮੋ ਦੇਣਗੇ? ਹੈਰਾਨੀ ਹੈ ਕਿ ਇਹ ਕਿਵੇਂ ਕੰਮ ਕਰ ਸਕਦਾ ਹੈ। ਉਹ ਇਕ ਹੋਰ ਡੈਮੋ ਦੇਣ ਲਈ ਜਿਉਂਦੇ ਨਹੀਂ ਹੋਣਗੇ।'' ਇਕ ਹੋਰ ਯੂਜ਼ਰ ਨੇ ਲਿਖਿਆ,''ਸਾਡੇ ਬੱਚੇ ਡਾਕਟਰ, ਇੰਜੀਨੀਅਰ, ਫੌਜ ਅਧਿਕਾਰੀ, ਪਾਇਲਟ, ਵਿਗਿਆਨੀ ਅਤੇ ਹੋਰ ਬਹੁਤ ਕੁਝ ਬਣਨਾ ਚਾਹੁੰਦੇ ਹਨ ਪਰ ਇੱਥੇ ਉਹ ਹੁਣ ਵੀ ਜੇਹਾਦ ਅਤੇ ਭਾਰਤ 'ਤੇ ਕਬਜ਼ੇ ਦਾ ਸੁਪਨਾ ਦੇਖ ਰਹੇ ਹਨ।''

Vandana

This news is Content Editor Vandana