ਰੂਸ ਨੇ ਕੀਤਾ ਸਪੱਸ਼ਟ, ਇਮਰਾਨ ਨੂੰ ''ਈਸਟਰਨ ਇਕਨੌਮਿਕ ਫੋਰਮ'' ''ਚ ਸੱਦਾ ਨਹੀਂ

07/09/2019 1:06:13 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਕ ਵਾਰ ਫਿਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਮਵਾਰ ਨੂੰ ਰੂਸ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਮਰਾਨ ਖਾਨ ਨੂੰ 'ਈਸਟਰਨ ਇਕਨੌਮਿਕ ਫੋਰਮ' ਵਿਚ ਸੱਦਾ ਨਹੀਂ ਦਿੱਤਾ ਹੈ। ਇਹ ਬੈਠਕ ਰੂਸ ਦੀ ਪੋਰਟ ਸਿਟੀ ਵਲਾਦਿਵੋਸਤੋਕ ਵਿਚ ਹੋਣ ਵਾਲੀ ਹੈ। ਪਾਕਿਸਤਾਨੀ ਮੀਡੀਆ ਵਿਚ ਪਿਛਲੇ ਹਫਤੇ ਤੋਂ ਹੀ ਰਿਪੋਰਟਾਂ ਚੱਲ ਰਹੀਆਂ ਸਨ ਕਿ ਇਮਰਾਨ ਖਾਨ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਫੋਰਮ ਵਿਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਪਿਛਲੇ ਮਹੀਨੇ ਬਿਸ਼ਕੇਕ ਵਿਚ ਸ਼ੰਘਾਈ ਸਹਿਯੋਗ ਸੰਗਠਨ ਦੀ ਸਿਖਰ ਵਾਰਤਾ ਦੌਰਾਨ ਪੁਤਿਨ ਨੇ ਇਮਰਾਨ ਖਾਨ ਨੂੰ ਸੱਦਾ ਦਿੱਤਾ ਸੀ।

ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਆਪਣੇ ਬਿਆਨ ਵਿਚ ਕਿਹਾ,''ਸਾਡੇ ਧਿਆਨ ਵਿਚ ਦੱਖਣੀ ਏਸ਼ੀਆਈ ਮੀਡੀਆ ਦੀਆਂ ਕੁਝ ਰਿਪੋਰਟਾਂ ਆਈਆਂ ਹਨ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਲਾਦਿਵੋਸਤੋਕ ਵਿਚ 4-6 ਸਤੰਬਰ ਦੌਰਾਨ ਹੋਣ ਵਾਲੀ ਈਸਟਰਨ ਇਕਨੌਮਿਕ ਫੋਰਮ ਦੀ ਬੈਠਕ ਵਿਚ ਗੈਸਟ ਆਫ ਆਨਰ ਦੇ ਤੌਰ 'ਤੇ ਬੁਲਾਇਆ ਗਿਆ ਹੈ।'' ਫੋਰਮ ਦੀ ਬੈਠਕ ਵਿਚ ਸੱਦੇ ਗਏ ਨੇਤਾਵਾਂ ਦੇ ਬਾਰੇ ਵਿਚ ਸਥਿਤੀ ਸਾਫ ਕਰਨ ਲਈ ਸੋਮਵਾਰ ਨੂੰ ਇਕ ਬਿਆਨ ਜਾਰੀ ਕੀਤਾ ਗਿਆ। 
ਇਸ ਬਿਆਨ ਵਿਚ ਕਿਹਾ ਗਿਆ,''ਅਸੀਂ ਫੋਰਮ ਵਿਚ ਮੰਗੋਲੀਆ ਦੇ ਰਾਸ਼ਟਰਪਤੀ ਐੱਚ ਬਟੁਲਗਾ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ

ਮੁਹੰਮਦ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦੀ ਵਲਾਦਿਵੋਸਤੋਕ ਵਿਚ ਪਹੁੰਚਣ ਦੀ ਆਸ ਕਰ ਰਹੇ ਹਾਂ। ਕੁੱਲ੍ਹ ਮਿਲਾ ਕੇ 3 ਦੇਸ਼ਾਂ ਦੇ ਪ੍ਰਧਾਨ ਮੰਤਰੀ ਅਤੇ ਇਕ ਦੇਸ਼ ਦੇ ਰਾਸ਼ਟਰਪਤੀ ਨੂੰ ਫੋਰਮ ਵਿਚ ਸੱਦਾ ਦਿੱਤਾ ਗਿਆ ਹੈ।'' ਸਾਲ 2015 ਵਿਚ ਇਸ ਫੋਰਮ ਦੀ ਸਥਾਪਨਾ ਹੋਈ ਸੀ ਜਿਸ ਦਾ ਉਦੇਸ਼ ਰੂਸ ਦੇ ਦੂਰ-ਦੁਰਾਡੇ ਪੂਰਬੀ ਖੇਤਰ ਵਿਚ ਵਿਦੇਸ਼ੀ ਨਿਵੇਸ਼ ਲਿਆਉਣਾ ਹੈ।

ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਭਾਰਤ ਦੇ ਪੀ.ਐੱਮ. ਨਰਿੰਦਰ ਮੋਦੀ ਨੂੰ ਫੋਰਮ ਵਿਚ ਬਤੌਰ ਗੈਸਟ ਆਫ ਆਨਰ ਸੱਦਾ ਦਿੱਤਾ ਗਿਆ ਹੈ। ਮੋਦੀ ਨੂੰ ਰਾਸ਼ਟਰਪਤੀ ਪੁਤਿਨ ਨੇ ਟੈਲੀਫੋਨ 'ਤੇ ਕੀਤੀ ਗੱਲਬਾਤ ਜ਼ਰੀਏ ਇਹ ਸੱਦਾ ਦਿੱਤਾ ਸੀ।

Vandana

This news is Content Editor Vandana