ਪਾਕਿ ''ਚ ਹਿੰਦੂ ਜੋੜਿਆਂ ਦੇ ਵਿਆਹ ''ਚ ਹੋ ਰਹੀ ਦੇਰੀ, ਜਾਣੋ ਪੂਰਾ ਮਾਮਲਾ

11/20/2019 10:33:39 AM

ਇਸਲਾਮਾਬਾਦ (ਬਿਊਰੋ): ਉੱਤਰੀ-ਪੱਛਮੀ ਪਾਕਿਸਤਾਨ ਵਿਚ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਵੱਲੋਂ ਹਿੰਦੂ ਵਿਆਹ ਐਕਟ ਦੇ ਡਰਾਫਟ ਨਿਯਮ ਤਿਆਰ ਕਰਨ ਵਿਚ ਕੀਤੀ ਜਾ ਰਹੀ ਦੇਰੀ ਕਾਰਨ ਕਈ ਜੋੜਿਆਂ ਦੇ ਵਿਆਹ ਵਿਚ ਦੇਰੀ ਹੋ ਰਹੀ ਹੈ। ਭਾਈਚਾਰੇ ਦੇ ਨੇਤਾਵਾਂ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਖੈਬਰ ਪਖਤੂਨਖਵਾ ਵਿਚ ਸਰਕਾਰਾਂ ਦੀ ਸਹਿਮਤੀ ਨਾਲ ਹਿੰਦੂ ਵਿਆਹ ਬਿੱਲ ਨੂੰ ਮਾਰਚ 2017 ਵਿਚ ਮਨਜ਼ੂਰੀ ਦਿੱਤੀ ਅਤੇ ਲੋੜੀਂਦੇ ਨਿਯਮ ਬਣਾਉਣ ਲਈ ਉਨ੍ਹਾਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਫਿਲਹਾਲ ਖੈਬਰ ਪਖਤੂਨਖਵਾ ਸੂਬਾਈ ਸਰਕਾਰ ਨੇ ਕਾਨੂੰਨ ਦੇ ਲਈ ਹੁਣ ਤੱਕ ਲੋੜੀਂਦੇ ਨਿਯਮ ਤਿਆਰ ਨਹੀਂ ਕੀਤੇ ਹਨ।

ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਸੰਵਿਧਾਨਿਕ ਸੁਰੱਖਿਆ ਦੀ ਕਮੀ ਵਿਚ ਕਈ ਹਿੰਦੂ ਕੁੜੀਆਂ ਆਪਣੇ ਮੂਲ ਅਧਿਕਾਰਾਂ ਤੋਂ ਵਾਂਝੀਆਂ ਹਨ, ਜਿਨ੍ਹਾਂ ਦੀ ਉਹ ਤਲਾਕ ਦੀ ਸਥਿਤੀ ਵਿਚ ਹੱਕਦਾਰ ਹਨ। ਪਾਕਿਸਤਾਨ ਵਿਚ ਕਰੀਬ 38 ਲੱਖ ਹਿੰਦੂ ਹਨ ਜੋ ਆਬਾਦੀ ਦਾ ਕਰੀਬ ਦੋ ਫੀਸਦੀ ਹੈ। ਸੂਤਰਾਂ ਦੇ ਮੁਤਾਬਕ ਫੈਡਰਲ ਸਰਕਾਰ ਨੇ ਹਾਲ ਹੀ ਵਿਚ ਫਿਰ ਤੋਂ ਖੈਬਰ ਪਖਤੂਨਖਵਾ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਹਿੰਦੂ ਵਿਆਹ ਕਾਨੂੰਨ ਦੇ ਨਿਯਮ ਜਲਦੀ ਤੋਂ ਜਲਦੀ ਤਿਆਰ ਕਰੇ। 

ਸੂਤਰਾਂ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਦੇ ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਸੰਘ ਸਰਕਾਰ ਨੂੰ ਦੱਸਿਆ ਕਿ ਕਿਉਂਕਿ ਮੁਸਲਿਮ ਵਿਆਹ ਕਾਨੂੰਨ ਦੇ ਤਹਿਤ ਪਿੰਡ ਅਤੇ ਸ਼ਹਿਰੀ ਬੌਡੀ ਵਿਚ ਵਿਆਹ ਦਾ ਰਜਿਸਟਰੇਸ਼ਨ ਖੈਬਰ ਪਖਤੂਨਖਵਾ ਸਥਾਨਕ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਇਸ ਲਈ ਸਥਾਨਕ ਸਰਕਾਰ ਦੇ ਵਿਚ ਇਸ ਮੁੱਦੇ 'ਤੇ ਕਈ ਅਧਿਕਾਰਤ ਸਫਿਆਂ ਦਾ ਲੈਣ-ਦੇਣ ਹੋਣ ਦੇ ਬਾਵਜੂਦ ਖੈਬਰ ਪਖਤੂਨਖਵਾ ਸੂਬੇ ਵਿਚ ਹਿੰਦੂ ਵਿਆਹ ਕਾਨੂੰਨ ਦੇ ਨਿਯਮ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਨਹੀਂ ਹੋਈ।

ਪੇਸ਼ਾਵਰ ਦੇ ਸਰਪੰਚ ਹਾਰੂਨ ਸਰਬ ਦਿਆਲ ਨੇ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦਾ ਡਰਾਫਟ ਕੁਝ ਸਮਾਜਿਕ ਕਲਿਆਣ ਸੰਗਠਨਾਂ ਅਤੇ ਵਕੀਲਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ, ਜਿਸ ਨੂੰ ਖੈਬਰ ਪਖਤੂਨਖਵਾ ਸਰਕਾਰ ਨੂੰ ਸੌਂਪ ਦਿੱਤਾ ਗਿਆ ਪਰ ਹੁਣ ਤੱਕ ਕੋਈ ਤਰੱਕੀ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਪੇਸ਼ਾਵਰ ਵਿਚ ਵਿਭਿੰਨ ਅਦਾਲਤਾਂ ਵਿਚ ਹਿੰਦੂ ਕੁੜੀਆਂ ਦੇ ਤਲਾਕ ਦੇ 18 ਮਾਮਲਿਆਂ 'ਤੇ ਸੁਣਵਾਈ ਚੱਲ ਰਹੀ ਹੈ। ਉਚਿਤ ਕਾਨੂੰਨ ਦੀ ਕਮੀ ਵਿਚ ਹਿੰਦੂ ਕੁੜੀਆਂ ਨਾਲ ਤਲਾਕ ਦੀਆਂ ਘਟਨਾਵਾਂ ਵੱਧ ਗਈਆਂ ਹਨ। ਅਜਿਹੇ ਮਾਮਲਿਆਂ ਵਿਚ ਜ਼ਿਆਦਾਤਰ ਕੁੜੀਆਂ ਪੀੜਤ ਹੁੰਦੀਆਂ ਹਨ।

Vandana

This news is Content Editor Vandana