ਪਾਕਿ : 28 ਸਾਲ ਬਾਅਦ ਹਿੰਦੂਆਂ ਨੂੰ ਗੈਰ ਕਾਨੂੰਨੀ ਕਬਜ਼ੇ ਵਾਲੀ ਜ਼ਮੀਨ ਮਿਲੀ ਵਾਪਸ

01/15/2020 3:31:17 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਵਿਚ ਹਿੰਦੂ ਭਾਈਚਾਰੇ ਦੇ ਇਕ ਸ਼ਮਸ਼ਾਨ ਸਥਲ ਤੋਂ ਸਥਾਨਕ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਕਬਜ਼ਾ ਹਟਾ ਦਿੱਤਾ। ਹਿੰਦੂ ਭਾਈਚਾਰੇ ਨੂੰ ਇਸ ਦੇ ਲਈ 28 ਸਾਲ ਤੱਕ ਲੰਬਾ ਇੰਤਜ਼ਾਰ ਕਰਨਾ ਪਿਆ। ਪਾਕਿਸਤਾਨੀ ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿਚ ਕਿਹਾ ਗਿਆ ਹੈਕਿ ਇਹ ਪ੍ਰਾਪਰਟੀ 1992 ਵਿਚ ਗੈਰ ਕਾਨੂੰਨੀ ਤਰੀਕੇ ਨਾਲ ਇਕ ਸਥਾਨਕ ਵਿਅਕਤੀ ਨੂੰ ਦੇ ਦਿੱਤੀ ਗਈ ਸੀ।

ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਪਾਕਿਸਤਾਨੀ ਮੀਡੀਆ ਨੂੰ ਦੱਸਿਆ ਕਿ ਹੰਗੂ ਦੇ ਰਹਿਣ ਵਾਲੇ ਅਤੇ ਖੈਬਰ ਪਖਤੂਨਖਵਾ ਵਿਧਾਨ ਸਭਾ ਦੇ ਸਾਬਕਾ ਮੈਂਬਰ ਮਰਹੂਮ ਡਾਕਟਰ ਸਿੰਘਾਰ ਸਿੰਘ ਨੇ ਡੇਰਾ ਇਸਮਾਈਲ ਖਾਨ ਦੇ ਕੋਟਲਾ ਮੈਦਾਨ ਇਲਾਕੇ ਵਿਚ ਸ਼ਮਸ਼ਾਨ ਘਾਟ ਲਈ 8 ਕਨਾਲ ਜ਼ਮੀਨ ਖਰੀਦੀ ਸੀ। ਜ਼ਮੀਨ ਦੀ ਰਜਿਸਟ੍ਰੇਸ਼ਨ ਲੱਕੀ ਰਾਮ ਅਤੇ ਦਾਸ ਰਾਮ ਦੇ ਨਾਮ 'ਤੇ ਹੋਈ। ਉਹਨਾਂ ਦੀ ਮੌਤ ਦੇ ਬਾਅਦ ਜ਼ਮੀਨ ਚੁੰਨੀ ਲਾਲ ਨਾਮ ਦੇ ਵਿਅਕਤੀ ਨੂੰ ਟਰਾਂਸਫਰ ਕਰ ਦਿੱਤੀ ਗਈ ਅਤੇ ਉਸ ਦੀ ਮੌਤ ਦੇ ਬਾਅਦ ਸਥਾਨਕ ਲੋਕਾਂ ਨੇ ਕਥਿਤ ਰੂਪ ਨਾਲ ਇਸ 'ਤੇ ਕਬਜ਼ਾ ਕਰ ਲਿਆ। 

ਬੀਤੇ 28 ਸਾਲਾਂ ਵਿਚ ਇਹ ਜ਼ਮੀਨ 4 ਲੋਕਾਂ ਦੀ ਮਲਕੀਅਤ ਵਿਚ ਗਈ। ਇਸ ਦੌਰਾਨ ਹਿੰਦੂ ਭਾਈਚਾਰੇ ਦੇ ਮੈਂਬਰ ਆਪਣੀ ਇਸ ਜ਼ਮੀਨ ਨੂੰ ਵਾਪਸ ਪਾਉਣ ਲਈ ਹਰ ਜਗ੍ਹਾ ਅਪੀਲ ਕਰਦੇ ਰਹੇ। ਡੇਰਾ ਇਸਮਾਈਲ ਖਾਨ ਦੇ ਡਿਪਟੀ ਕਮਿਸ਼ਨਰ ਮੁਹੰਮਦ ਉਮਰ ਨੇ ਇਕ ਬਿਆਨ ਵਿਚ ਦੱਸਿਆ ਕਿ ਸੂਬਾਈ ਵਿਧਾਨ ਸਭਾ ਦੇ ਮੈਂਬਰ ਫੈਸਲ ਅਮੀਨ ਗੰਡਾਪੁਰ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਨੇ ਇਸ ਜ਼ਮੀਨ ਦੀਆਂ ਚਾਰ ਗੈਰ ਕਾਨੂੰਨੀ ਟਰਾਂਸਫਰਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਇਸ ਨੂੰ ਹਿੰਦੂ ਭਾਈਚਾਰੇ ਨੂੰ ਵਾਪਸ ਕਰ ਦਿੱਤਾ ਹੈ। ਉਮਰ ਨੇ ਦੱਸਿਆ ਕਿ ਸਰਕਾਰ ਨੇ ਇਹ ਜ਼ਮੀਨ ਹਿੰਦੂ ਭਾਈਚਾਰੇ ਨੂੰ ਸ਼ਮਸ਼ਾਨ ਸਥਲ ਲਈ ਦਿੱਤੀ ਸੀ ਪਰ ਇਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਥਾਨਕ ਭਾਈਚਾਰੇ ਨੂੰ ਦੇ ਦਿੱਤਾ ਗਿਆ। ਹੁਣ ਜ਼ਿਲਾ ਪ੍ਰਸ਼ਾਸਨ ਨੇ ਅਜਿਹੀਆਂ ਸਾਰੀਆਂ ਗੈਰ ਕਾਨੂੰਨੀ ਟਰਾਂਸਫਰਾਂ ਨੂੰ ਰੱਦ ਕਰ ਦਿੱਤਾ ਹੈ। ਹਿੰਦੂ ਭਾਈਚਾਰਾ ਹੁਣ ਆਪਣੇ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਇਸ ਜ਼ਮੀਨ ਦੀ ਵਰਤੋਂ ਕਰ ਸਕਦਾ ਹੈ।

Vandana

This news is Content Editor Vandana