ਬੱਚੀ ਨੇ ਗੋਲਕ ਦੇ ਪੈਸਿਆਂ ਨੂੰ ਦੱਸਿਆ ਭ੍ਰਿਸ਼ਟਾਚਾਰ ਦਾ ਪੈਸਾ, ਵੀਡੀਓ ਵਾਇਰਲ

08/29/2018 4:55:41 PM

ਇਸਲਾਮਾਬਾਦ (ਬਿਊਰੋ)— ਹਾਲ ਹੀ ਵਿਚ ਪਾਕਿਸਤਾਨ ਦੀ ਇਕ ਬੱਚੀ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿਚ ਉਹ ਈਦ-ਉਲ-ਜੁਹਾ ਦੇ ਮੌਕੇ 'ਤੇ ਈਦੀ ਲੈਣ ਲਈ ਆਪਣੀ ਮਾਂ ਨੂੰ ਕਾਫੀ ਕੁਝ ਸੁਣਾ ਰਹੀ ਸੀ। ਇਸ ਬੱਚੀ ਦਾ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿਚ ਬੱਚੀ ਆਪਣੀ ਗੋਲਕ ਦੇ ਪੈਸਿਆਂ ਨੂੰ ਭ੍ਰਿਸ਼ਟਾਚਾਰ ਦਾ ਪੈਸਾ ਦੱਸ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

ਵੀਡੀਓ ਵਿਚ ਬੱਚੀ ਆਪਣੀ ਮਾਂ ਕੋਲ ਗੋਲਕ ਲੈ ਕੇ ਜਾਂਦੀ ਹੈ। ਜਿਵੇਂ ਹੀ ਉਹ ਗੋਲਕ ਖੋਲ੍ਹਦੀ ਹੈ ਨਾਲ ਹੀ ਕਹਿੰਦੀ ਹੈ ਕਿ ਇਹ ਭ੍ਰਿਸ਼ਟਾਚਾਰ ਦੇ ਪੈਸੇ ਹਨ, ਜਿਨ੍ਹਾਂ ਨੂੰ ਉਹ ਵਾਪਸ ਕਰਨ ਲਈ ਆਈ ਹੈ। ਬੱਚੀ ਮੁਤਾਬਕ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਤਬਦੀਲੀ ਆ ਗਈ ਹੈ, ਹੁਣ ਭ੍ਰਿਸ਼ਟਾਚਾਰ ਨਹੀਂ ਚੱਲੇਗਾ। ਤੁਹਾਡੇ ਕੋਲ ਜਿਸ ਦਾ ਪੈਸਾ ਹੈ ਉਸ ਨੂੰ ਵਾਪਸ ਦੇਣਾ ਹੋਵੇਗਾ। ਬੱਚੀ ਦੀ ਇਹ ਗੱਲ ਸੁਣ ਕੇ ਮਾਂ ਖੁਸ਼ ਹੋ ਜਾਂਦੀ ਹੈ ਅਤੇ ਉਸ ਦੀ ਤਾਰੀਫ ਕਰਦੀ ਹੈ। ਫਿਰ ਮਾਂ ਉਸ ਕੋਲੋਂ ਪੈਸੇ ਲੈਣ ਆਉਂਦੀ ਹੈ ਤਾਂ ਬੱਚੀ ਮਾਂ ਲਈ ਸਿਰਫ ਭਾਣ ਛੱਡ ਦਿੰਦੀ ਹੈ। ਬਾਕੀ ਪੈਸੇ ਈਦੀ ਦੇ ਦੱਸ ਕੇ ਲੈ ਜਾਂਦੀ ਹੈ।

 

ਇਸ ਤੋਂ ਪਹਿਲਾਂ ਈਦ-ਉਲ-ਜੁਹਾ 'ਤੇ ਇਸ ਬੱਚੀ ਦਾ ਵੀਡੀਓ ਵਾਇਰਲ ਹੋਇਆ ਸੀ। ਉਸ ਵਿਚ ਬੱਚੀ ਝੂਲੇ 'ਤੇ ਬੈਠੀ ਨਜ਼ਰ ਆਉਂਦੀ ਹੈ। ਜਦੋਂ ਮਾਂ ਬੱਚੀ ਨੂੰ ਕੰਮ ਵਿਚ ਮਦਦ ਕਰਨ ਲਈ ਕਹਿੰਦੀ ਹੈ ਤਾਂ ਉਹ ਗੁੱਸੇ ਵਿਚ ਕਹਿੰਦੀ ਹੈ ਕਿ ਮਹਿਮਾਨ ਸਿਰਫ ਛੋਟੇ ਭਰਾ ਨੂੰ ਹੀ ਈਦੀ ਦੇ ਕੇ ਚਲੇ ਗਏ ਮੈਨੂੰ ਈਦੀ ਕਿਉਂ ਨਹੀਂ ਦਿੱਤੀ। ਇੱਥੋਂ ਤੱਕ ਕਿ ਉਹ ਮਾਂ ਕੋਲੋਂ ਪਿਛਲੀ ਈਦ ਦੇ ਪੈਸਿਆਂ ਦਾ ਵੀ ਹਿਸਾਬ ਮੰਗਦੀ ਹੈ।