ਇਸਲਾਮ ਵਿਰੋਧੀ ਕਾਰਟੂਨ ਮੁਕਾਬਲੇ ਵਿਰੁੱਧ ਪਾਕਿ ''ਚ ਕੱਟੜਵਾਦੀਆਂ ਦੀ ਰੈਲੀ

08/29/2018 4:21:45 PM

ਲਾਹੌਰ (ਭਾਸ਼ਾ)— ਪਾਕਿਸਤਾਨ ਵਿਚ ਹਾਲ ਵਿਚ ਹੋਈਆਂ ਆਮ ਚੋਣਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਇਸਲਾਮੀ ਸਮੂਹ ਦੇ ਮੈਂਬਰ ਡਚ ਸੰਸਦ ਮੈਂਬਰ ਗੀਰਟ ਵਿਲਡਰਸ ਵਿਰੁੱਧ ਰੈਲੀ ਲਈ ਇਸਲਾਮਾਬਾਦ ਪਹੁੰਚ ਰਹੇ ਹਨ। ਵਿਲਡਰਸ ਨਵੰਬਰ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨਾਂ ਦਾ ਇਕ ਮੁਕਾਬਲਾ ਕਰਾਉਣ ਦੀ ਯੋਜਨਾ ਬਣਾ ਰਹੇ ਹਨ। ਇਸਲਾਮੀ ਸੰਗਠਨ ਉਨ੍ਹਾਂ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ। ਪੂਰੇ ਪਾਕਿਸਤਾਨ ਵਿਚ ਮੁਸਲਮਾਨ ਇਸ ਮੁਕਾਬਲੇ ਦੀ ਆਲੋਚਨਾ ਕਰ ਰਹੇ ਹਨ ਅਤੇ ਇਸ ਨੂੰ ਇਸਲਾਮ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸ ਰਹੇ ਹਨ। ਕਿਉਂਕਿ ਅੱਲਾਹ ਜਾਂ ਪੈਗੰਬਰ ਮੁਹੰਮਦ ਦੀ ਭੌਤਿਕ ਤਸਵੀਰ ਭਾਵੇਂ ਸਕਾਰਾਤਮਕ ਰੂਪ ਵਿਚ ਬਣਾਈ ਗਈ ਹੋਵੇ, ਉਨ੍ਹਾਂ ਦੇ ਧਰਮ ਵਿਚ ਇਸ ਦੀ ਮਨਾਹੀ ਹੈ। 

ਪਾਕਿਸਤਾਨ ਦੇ ਪੀ.ਐੱਮ. ਇਮਰਾਨ ਖਾਨ ਲਈ ਅੱਜ ਦੀ ਰੈਲੀ ਪਹਿਲਾ ਟੈਸਟ ਸਾਬਤ ਹੋਵੇਗੀ ਕਿ ਉਹ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਉਨ੍ਹਾਂ ਦਾ ਸਮਰਥਨ ਕਰਨ ਵਾਲੀ ਪਾਰਟੀ ਤਹਿਰੀਕ-ਏ-ਲਬੈਕ ਨਾਲ ਕਿਵੇਂ ਨਜਿੱਠਦੀ ਹੈ। ਇਮਰਾਨ ਨੇ ਇਸ ਕਾਰਟੂਨ ਮੁਕਾਬਲੇ ਵਿਰੁੱਧ ਕੌਮਾਂਤਰੀ ਸਮਰਥਨ ਮੰਗਿਆ ਸੀ ਅਤੇ ਉਨ੍ਹਾਂ ਦੀ ਸਰਕਾਰ ਨੇ ਡਚ ਰਾਜਦੂਤ ਸਾਹਮਣੇ ਵਿਰੋਧ ਵੀ ਦਰਜ ਕਰਵਾਇਆ ਸੀ ਪਰ ਉਨ੍ਹਾਂ ਨੂੰ ਬਾਹਰ ਕੱਢੇ ਜਾਣ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ ਗਿਆ। ਤਹਿਰੀਕ-ਏ-ਲਬੈਕ ਨੇ ਸਾਲ 2017 ਵਿਚ ਇਕ ਸੰਵਿਧਾਨਿਕ ਬਿੱਲ ਵਿਚ ਪੈਗੰਬਰ ਮੁਹੰਮਦ ਦਾ ਹਵਾਲਾ ਦਿੱਤੇ ਜਾਣ 'ਤੇ ਇਸਲਾਮਾਬਾਦ ਵਿਚ ਰੈਲੀ ਜ਼ਰੀਏ ਆਮ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਸੀ।