ਪਾਕਿ : ਮਸਜਿਦ ਦੇ ਬਾਹਰ ਜ਼ਬਰਦਸਤ ਧਮਾਕਾ, 6 ਲੋਕ ਜ਼ਖਮੀ

01/06/2019 10:05:14 AM

ਪੇਸ਼ਾਵਰ (ਬਿਊਰੋ)— ਪਾਕਿਸਤਾਨ ਵਿਚ ਪੇਸ਼ਾਵਰ ਦੇ ਸੱਦਾਰ ਖੇਤਰ ਵਿਚ ਸਥਿਤ ਕਾਲੀ ਬਾੜੀ ਮਾਰਕੀਟ ਵਿਚ ਸ਼ਨੀਵਾਰ ਨੂੰ ਇਕ ਜ਼ਬਰਦਸਤ ਧਮਾਕਾ ਹੋਇਆ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿਚ 6 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ। ਸ਼ਨੀਵਾਰ ਸਵੇਰੇ ਹੋਏ ਇਸ ਧਮਾਕੇ ਦੀ ਆਵਾਜ਼ ਕਾਫੀ ਦੂਰ ਤੱਕ ਸੁਣੀ ਗਈ। 

ਖਬਰਾਂ ਮੁਤਾਬਕ ਪੁਲਸ ਨੇ ਦੱਸਿਆ ਕਿ ਵਿਸਫੋਟਕ ਇਕ ਕਾਰ ਵਿਚ ਰੱਖਿਆ ਗਿਆ ਸੀ। ਇਸ ਕਾਰ ਨੂੰ ਇਕ ਮਸਜਿਦ ਨੇੜੇ ਪਾਰਕ ਕੀਤਾ ਗਿਆ ਸੀ। ਧਮਾਕੇ ਵਿਚ ਕਾਰ ਦੇ ਪਰਖੱਚੇ ਉੱਡ ਗਏ। ਉੱਥੇ ਨੇੜੇ ਦੀ ਇਕ ਦੁਕਾਨ ਵੀ ਤਬਾਹ ਹੋ ਗਈ। ਜਿਸ ਸਮੇਂ ਧਮਾਕਾ ਹੋਇਆ ਉਸ ਸਮੇਂ ਜ਼ਿਆਦਾਤਰ ਦੁਕਾਨਾਂ ਬੰਦ ਸਨ। ਪੁਲਸ ਦਾ ਕਹਿਣਾ ਹੈ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਹਾਲੇ ਤੱਕ ਕਿਸੇ ਸਮੂਹ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

Vandana

This news is Content Editor Vandana