ਪਾਕਿਸਤਾਨ 'ਚ ਮੁਸਲਿਮ ਕੱਟੜਪੰਥੀਆਂ ਨੇ ਹਿੰਗਲਾਜ ਮੰਦਰ ਨੂੰ ਬਣਾਇਆ ਨਿਸ਼ਾਨਾ, ਕੀਤੀ ਭੰਨ-ਤੋੜ

01/26/2022 10:34:49 AM

ਸਿੰਧ (ਬਿਊਰੋ): ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਾਰੇ ਦਾਅਵਿਆਂ ਦੇ ਉਲਟ ਪਾਕਿਸਤਾਨ ਵਿੱਚ ਮੁਸਲਿਮ ਕੱਟੜਪੰਥੀਆਂ ਨੇ ਇੱਕ ਵਾਰ ਫਿਰ ਦੇਸ਼ ਦੇ ਇੱਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰ ਪਾਰਕਰ ਜ਼ਿਲ੍ਹੇ ਦੇ ਖੱਤਰੀ ਮੁਹੱਲੇ 'ਚ ਹਿੰਗਲਾਜ ਮਾਤਾ ਦੇ ਮੰਦਰ ਨੂੰ ਮੁਸਲਿਮ ਕੱਟੜਪੰਥੀਆਂ ਨੇ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ। ਪਾਕਿਸਤਾਨ 'ਚ ਪਿਛਲੇ 22 ਮਹੀਨਿਆਂ 'ਚ ਹਿੰਦੂ ਮੰਦਰਾਂ 'ਤੇ ਇਹ 11ਵਾਂ ਹਮਲਾ ਹੈ।

ਇਸ ਹਮਲੇ ਤੋਂ ਬਾਅਦ ਪਾਕਿਸਤਾਨ ਹਿੰਦੂ ਮੰਦਰ ਪ੍ਰਬੰਧਨ ਦੇ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਮੀਡੀਆ ਨੂੰ ਦੱਸਿਆ ਕਿ ਇਸਲਾਮਿਕ ਕੱਟੜਪੰਥੀ ਪਾਕਿਸਤਾਨ ਦੀ ਸੁਪਰੀਮ ਕੋਰਟ ਅਤੇ ਪਾਕਿਸਤਾਨ ਸਰਕਾਰ ਤੋਂ ਡਰਨ ਵਾਲੇ ਨਹੀਂ ਹਨ। ਇਸ ਦੌਰਾਨ ਹਿੰਦੂਆਂ ਨੇ ਮੰਦਰ 'ਤੇ ਹਮਲੇ ਦੇ ਵਿਰੋਧ 'ਚ ਰੋਸ ਮਾਰਚ ਕੱਢਿਆ। ਗੌਰਤਲਬ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਨੂੰ ਅਕਸਰ ਮੁਸਲਿਮ ਕੱਟੜਪੰਥੀਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਇਮਰਾਨ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਘੱਟ ਗਿਣਤੀਆਂ ਨੂੰ ਸੁਰੱਖਿਆ ਦਿੱਤੀ ਜਾਵੇਗੀ।ਇਸ ਤੋਂ ਪਹਿਲਾਂ ਦਸੰਬਰ ਵਿੱਚ, ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਕਰਾਚੀ ਵਿੱਚ ਇੱਕ ਹਿੰਦੂ ਮੰਦਰ 'ਤੇ ਕੱਟੜਪੰਥੀਆਂ ਦੀ ਭੀੜ ਨੇ ਹਮਲਾ ਕਰਕੇ ਦੇਵੀ ਦੁਰਗਾ ਦੀ ਮੂਰਤੀ ਦੇ ਧੜ ਨੂੰ ਤੋੜ ਦਿੱਤਾ ਸੀ। ਕੱਟੜਪੰਥੀਆਂ ਨੇ ਮੰਦਰ ਦੀ ਵੀ ਕਾਫੀ ਭੰਨਤੋੜ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ - 73ਵੇਂ ਗਣਤੰਤਰ ਦਿਹਾੜੇ ਮੌਕੇ ਅਮਰੀਕਾ ਨੇ ਭਾਰਤੀਆਂ ਨੂੰ ਦਿੱਤੀ ਵਧਾਈ, ਕਹੀ ਇਹ ਅਹਿਮ ਗੱਲ

ਕਰਾਚੀ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਰਹਿੰਦੇ ਹਨ। ਕਰਾਚੀ ਦੇ ਨਾਰੀਅਨ ਪੁਰਾ ਹਿੰਦੂ ਮੰਦਰ 'ਤੇ ਅੱਤਵਾਦੀਆਂ ਨੇ ਹਮਲਾ ਕੀਤਾ। ਇਸ ਹਮਲੇ ਵਿੱਚ ਜਿੱਥੇ ਇੱਕ ਮੂਰਤੀ ਦਾ ਧੜ ਟੁੱਟ ਗਿਆ, ਉੱਥੇ ਹੀ ਮਾਂ ਦੁਰਗਾ ਦੀ ਇੱਕ ਹੋਰ ਮੂਰਤੀ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਨੇ ਪੂਰੇ ਮੰਦਰ ਨੂੰ ਤਬਾਹ ਕਰ ਦਿੱਤਾ।ਪਾਕਿਸਤਾਨ 'ਚ ਇਹ ਹਮਲੇ ਅਜਿਹੇ ਸਮੇਂ 'ਚ ਹੋ ਰਹੇ ਹਨ, ਜਦੋਂ ਸੁਪਰੀਮ ਕੋਰਟ ਲਗਾਤਾਰ ਨੋਟਿਸ ਜਾਰੀ ਕਰ ਰਹੀ ਹੈ ਅਤੇ ਇਮਰਾਨ ਖਾਨ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਹ ਮੰਦਰਾਂ ਦੀ ਸੁਰੱਖਿਆ ਕਰ ਰਹੀ ਹੈ।
 
2017 ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿੱਚ ਹੁਣ 96.28% ਮੁਸਲਮਾਨ ਹਨ ਅਤੇ ਸਿਰਫ 3.72% ਘੱਟ ਗਿਣਤੀ ਜਾਂ ਗੈਰ-ਮੁਸਲਿਮ ਹਨ। ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਵਿਰੁੱਧ ਅੱਤਿਆਚਾਰਾਂ ਅਤੇ ਧਰਮ ਪਰਿਵਰਤਨ ਦੇ ਸਿੱਟੇ ਵਜੋਂ ਜਿੱਥੇ ਮੁਸਲਮਾਨਾਂ ਦੀ ਆਬਾਦੀ ਲਗਾਤਾਰ ਵੱਧਦੀ ਰਹੀ, ਉੱਥੇ ਹਿੰਦੂਆਂ ਸਮੇਤ ਗੈਰ-ਮੁਸਲਮਾਨ ਘੱਟਦੇ ਰਹੇ। 1951 ਦੀ ਮਰਦਮਸ਼ੁਮਾਰੀ ਅਨੁਸਾਰ ਪਾਕਿਸਤਾਨ ਵਿੱਚ 12.9 ਫ਼ੀਸਦੀ ਹਿੰਦੂ ਸਨ ਪਰ ਹੁਣ ਸਿਰਫ਼ 1.6 ਫ਼ੀਸਦੀ ਹਿੰਦੂ ਹਨ। ਘੱਟ ਗਿਣਤੀਆਂ ਦੀ ਲਗਾਤਾਰ ਘੱਟਦੀ ਆਬਾਦੀ ਪਾਕਿਸਤਾਨ ਵਿੱਚ ਉਨ੍ਹਾਂ ਦੀ ਸਥਿਤੀ ਦੀ ਇੱਕ ਡਰਾਉਣੀ ਤਸਵੀਰ ਪੇਸ਼ ਕਰਦੀ ਹੈ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਦਿਓ।

Vandana

This news is Content Editor Vandana