ਪਾਕਿ : ਪੰਜਾਬ ਸੂਬੇ 'ਚ ਸਕੂਲੀ ਬੱਚਿਆਂ ਦੇ ਡਾਂਸ ਕਰਨ 'ਤੇ ਲੱਗੀ ਪਾਬੰਦੀ, ਦੱਸਿਆ 'ਅਨੈਤਿਕ'

03/12/2018 6:01:55 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪੰਜਾਬ ਸੂਬੇ ਨੇ ਸਕੂਲਾਂ ਵਿਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਵਿਚ ਬੱਚਿਆਂ ਦੇ ਡਾਂਸ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਵੇਂ ਨਿਯਮ ਬਾਰੇ ਤਰਕ ਦਿੱਤਾ ਜਾ ਰਿਹਾ ਹੈ ਕਿ ਲੋਕਾਂ ਸਾਹਮਣੇ ਡਾਂਸ ਕਰਨਾ ਅਨੈਤਿਕ ਕੰਮ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਸਰਕਾਰੀ ਨੋਟਿਸ ਵਿਚ ਕਿਹਾ ਗਆ ਹੈ ਕਿ ਬੱਚਿਆਂ 'ਤੇ ਡਾਂਸ ਵਿਚ ਜਾਂ ਕਿਸੇ ਹੋਰ ਅਨੈਤਿਕ ਗਤੀਵਿਧੀ ਵਿਚ ਹਿੱਸਾ ਲੈਣ ਲਈ ਦਬਾਅ ਪਾਉਣਾ ਧਰਮ ਦੇ ਵਿਰੁੱਧ ਹੈ। ਅਜਿਹਾ ਕਰਨ ਵਾਲੇ ਸਕੂਲਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਇਨ੍ਹਾਂ ਸੰਸਥਾਵਾਂ ਦੇ ਮਾਲਕ ਅਤੇ ਅਧਿਆਪਕ ਜਿਹੜੇ ਵੀ ਇਸ ਨਿਯਮ ਦੀ ਉਲੰਘਣਾ ਕਰਦੇ ਪਾਏ ਜਾਣਗੇ, ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਨੋਟਿਸ ਵਿਚ ਕਿਹਾ ਗਿਆ ਹੈ ਕਿ ਵਿਸ਼ੇਸ਼ ਪ੍ਰੋਗਰਾਮਾਂ ਜਿਵੇਂ ਮੁਕਾਬਲੇ, ਮਾਪੇ ਦਿਵਸ ਅਤੇ ਅਧਿਆਪਕ ਦਿਵਸ ਦੌਰਾਨ ਬੱਚੇ ਪਾਕਿਸਤਾਨੀ ਅਤੇ ਭਾਰਤੀ ਗੀਤਾਂ 'ਤੇ ਡਾਂਸ ਕਰਦੇ ਦੇਖੇ ਜਾਂਦੇ ਹਨ। ਭਾਵੇਂ ਕੋਈ ਵੀ ਮੌਕਾ ਕਿਉਂ ਨਾ ਹੋਵੇ ਸਰਕਾਰੀ ਨਿਯਮਾਂ ਤਹਿਤ ਡਾਂਸ ਕਰਨ 'ਤੇ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਤਰ੍ਹਾਂ ਦੀਆਂ ਸਿੱਖਿਆ ਸੰਸਥਾਵਾਂ 'ਤੇ ਲਾਗੂ ਹੋਵੇਗੀ। ਪੰਜਾਬ ਦੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਉਨ੍ਹਾਂ ਦੇ ਇਲਾਕਿਆਂ ਵਿਚ ਇਹ ਨਿਯਮ ਲਾਗੂ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ  ਹਨ।