9 ਅਕਤੂਬਰ ਤੋਂ ਰੋਜ਼ਾਨਾ ਹੋਵੇਗੀ ਮੁਸ਼ੱਰਫ ਵਿਰੁੱਧ ਮਾਮਲੇ ਦੀ ਸੁਣਵਾਈ

09/10/2018 5:50:08 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਵਿਰੁੱਧ ਦੇਸ਼ਧ੍ਰੋਹ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਇਕ ਫੈਸਲਾ ਕੀਤਾ। ਇਸ ਫੈਸਲੇ ਮੁਤਾਬਕ 9 ਅਕਤੂਬਰ ਤੋਂ ਇਸ ਮਾਮਲੇ ਦੀ ਸੁਣਵਾਈ ਰੋਜ਼ਾਨਾ ਕੀਤੀ ਜਾਵੇਗੀ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਸਾਬਕਾ ਸਰਕਾਰ ਨੇ ਨਵੰਬਰ 2007 ਵਿਚ ਸੰਵਿਧਾਨ ਦੇ ਬਾਹਰ ਐਮਰਜੈਂਸੀ ਲਾਗੂ ਕਰਨ ਕਾਰਨ ਸਾਬਕਾ ਮਿਲਟਰੀ ਤਾਨਾਸ਼ਾਹ ਵਿਰੁੱਧ ਸਾਲ 2013 ਵਿਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਸੀ। ਨਿਆਂਮੂਰਤੀ ਯਾਵਰ ਅਲੀ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਸੋਮਵਾਰ ਨੂੰ ਮਾਮਲੇ ਦੀ ਸੁਣਵਾਈ ਨੂੰ ਮੁਲਤਵੀ ਕਰਦਿਆਂ ਕਿਹਾ ਕਿ ਦੁਬਈ ਵਿਚ ਰਹਿ ਰਹੇ ਸਾਬਕਾ ਰਾਸ਼ਟਰਪਤੀ ਵਿਰੁੱਧ 9 ਅਕਤੂਬਰ ਤੋਂ ਰੋਜ਼ਾਨਾ ਸੁਣਵਾਈ ਹੋਵੇਗੀ। 

ਨਿਆਂਮੂਰਤੀ ਅਲੀ ਨੇ ਗ੍ਰਹਿ ਮੰਤਰਾਲੇ ਨੂੰ ਲਿਖਤੀ ਰੂਪ ਵਿਚ ਇਹ ਦੱਸਣ ਲਈ ਕਿਹਾ ਹੈ ਕਿ ਮੁਸ਼ੱਰਫ ਨੁੰ ਕਿਸ ਤਰ੍ਹਾਂ ਅਦਾਲਤ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਨਿਆਂਮੂਰਤੀ ਅਲੀ ਨੇ ਇਸਤਾਗਾਸਾ ਪੱਖ ਦੇ ਵਕੀਲ ਨਸੀਰ-ਉਦ-ਦੀਨ ਨੈਯਰ ਨੂੰ ਕਿਹਾ ਕਿ ਉਹ ਅਦਾਲਤ ਨੂੰ ਦੱਸਣ ਕਿ ਕੀ ਮੁਸ਼ੱਰਫ ਦਾ ਬਿਆਨ ਵੀਡੀਓ ਲਿੰਕ ਜ਼ਰੀਏ ਰਿਕਾਰਡ ਕੀਤਾ ਜਾ ਸਕਦਾ ਹੈ ਜਾਂ ਨਹੀਂ। ਮੁਸ਼ੱਰਫ ਦੇਸ਼ ਪਰਤਣ ਦਾ ਵਾਅਦਾ ਕਰਕੇ 18 ਮਾਰਚ, 2016 ਨੂੰ ਮੈਡੀਕਲ ਇਲਾਜ ਲਈ ਦੁਬਈ ਚਲੇ ਗਏ ਸਨ। ਕੁਝ ਮਹੀਨੇ ਬਾਅਦ ਇਕ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਅਪਰਾਧੀ ਐਲਾਨ ਕਰਦਿਆਂ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਦਾ ਨਿਰਦੇਸ਼ ਦਿੱਤਾ ਸੀ। 

ਮੁਸ਼ੱਰਫ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਉਦੋਂ ਤੋਂ ਪਾਕਿਸਤਾਨ ਪਰਤਣ ਤੋਂ ਇਨਕਾਰ ਕਰ ਰਹੇ ਹਨ। ਸਾਬਕਾ ਰਾਸ਼ਟਰਪਤੀ ਦੇ ਵਕੀਲ ਏ. ਸ਼ਾਹ ਨੇ ਕਿਹਾ ਕਿ ਮੁਸ਼ੱਰਫ ਸੁਰੱਖਿਆ ਕਾਰਨਾਂ ਕਾਰਨ ਅਦਾਲਤ ਵਿਚ ਪੇਸ਼ ਨਹੀਂ ਹੋ ਸਕਦੇ। ਉਸ ਮੁਤਾਬਕ ਮੁਸ਼ੱਰਫ ਦੀ ਤਬੀਅਤ ਵੀ ਠੀਕ ਨਹੀਂ ਹੈ ਅਤੇ ਦੁਬਈ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਹੈ। ਸ਼ਾਹ ਨੇ ਕਿਹਾ ਕਿ ਜੇ ਸਰਕਾਰ ਮੁਸ਼ੱਰਫ ਨੂੰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਮੁਹੱਈਆ ਕਰਵਾਏ ਤਾਂ ਉਹ ਅਦਾਲਤ ਵਿਚ ਪੇਸ਼ ਹੋ ਸਕਦੇ ਹਨ।