ਸਿੱਖ ਨੇਤਾ ਕਤਲ ਮਾਮਲਾ : ਪਾਕਿ ''ਚ ਹਿੰਦੁਆਂ ਨੇ ਅਸੈਂਬਲੀ ਮੈਂਬਰ ਦੇ ਸਹੁੰ ਚੁੱਕਣ ਦਾ ਕੀਤਾ ਵਿਰੋਧ

02/26/2018 9:40:27 PM

ਪੇਸ਼ਾਵਰ— ਪਾਕਿਸਤਾਨ ਦੇ ਖੈਬਰ ਪਖਤੂਨਖਵਾ 'ਚ ਹਿੰਦੂ ਭਾਈਚਾਰਾ ਇਕ ਸਿੱਖ ਨੇਤਾ ਦੇ ਕਤਲ ਦੇ ਦੋਸ਼ੀ ਸੂਬਾਈ ਅਸੈਂਬਲੀ ਦੇ ਇਕ ਮੈਂਬਰ ਦੇ ਸਹੁੰ ਚੁੱਕ ਸਮਾਗਮ ਦਾ ਵਿਰੋਧ ਕਰ ਰਿਹਾ ਹੈ। ਸਿੱਖ ਨੇਤਾ ਸਰਦਾਰ ਸੋਰਨ ਸਿੰਘ ਦੇ ਕਤਲ ਮਾਮਲੇ 'ਚ ਜੇਲ 'ਚ ਬੰਦ ਬਲਦੇਵ ਕੁਮਾਰ ਨੂੰ ਅੱਜ ਖੈਬਰ ਪਖਤੂਨਖਵਾ ਅਸੈਂਬਲੀ 'ਚ ਪੇਸ਼ ਕੀਤਾ ਜਾਣਾ ਸੀ। ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਨੇ ਕੁਮਾਰ ਦੀ ਪੇਸ਼ੀ ਦੇ ਆਦੇਸ਼ ਦੇ ਸੰਬੰਧ 'ਚ 23 ਫਰਵਰੀ ਨੂੰ ਅਸੈਂਬਲੀ ਸੇਕ੍ਰੇਟੇਰਿਅਟ ਦਾ ਪੱਤਰ ਵਾਪਸ ਲੈ ਲਿਆ। ਹੁਣ ਉਹ ਮੰਗਲਵਾਰ ਨੂੰ ਸਹੁੰ ਚੁੱਕਣਗੇ।
ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਘੱਟ ਗਿਣਤੀ ਦੇ ਮਾਮਲਿਆਂ ਦੇ ਕੋਆਰਡੀਨੇਟ ਰਵੀ ਕੁਮਾਰ ਨੇ ਕਿਹਾ ਕਿ ਦੋਸ਼ੀ ਨੇਤਾ ਵੱਲੋਂ ਸਹੁੰ ਚੁੱਕਣਾ ਸੂਬੇ 'ਚ ਘੱਟ ਗਿਣਤੀ ਲਈ ਇਕ ਦੁਖਦ ਦਿਨ ਹੋਵੇਗਾ। ਖੈਬਰ ਪਖਤੂਨਖਵਾ 'ਚ ਹਿੰਦੂ ਭਾਈਚਾਰੇ ਦੇ ਨੇਤਾ ਹਾਰੂਨ ਸਰਾਬ ਦਿਆਲ ਨੇ ਕਿਹਾ ਕਿ ਕੁਮਾਰ ਨੂੰ ਜੇਕਰ ਸਹੁੰ ਦਿਵਾਈ ਗਈ ਤਾਂ ਹਿੰਦੂ ਵਿਰੋਧ ਪ੍ਰਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਤਹਿਰੀਕ ਇਨਸਾਫ ਪਾਰਟੀ ਦੇ ਸੰਸਦ ਮੈਂਬਰ ਸਿੰਘ ਦੀ ਸੂਬੇ ਦੇ ਬੁਨੇਰ ਜ਼ਿਲੇ 'ਚ ਅਪ੍ਰੈਲ 2016 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਇਕ ਘੱਟ ਗਿਣਤੀ ਸੀਟ 'ਤੇ ਸੂਬਾਈ ਅਸੈਂਬਲੀ ਲਈ ਚੁਣੇ ਗਏ ਸੀ।