ਅਧਿਆਪਕ ਦੀ ਸਮਝਾਦਾਰੀ ਨੇ ਸ਼ੋਰ ਮਚਾਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਸੁਧਾਰ

09/24/2017 2:36:10 PM

ਬੀਜਿੰਗ (ਬਿਊਰੋ)— ਬੱਚੇ ਅਕਸਰ ਸ਼ਰਾਰਤਾਂ ਕਰਦੇ ਹਨ। ਭਾਵੇਂ ਉਹ ਸਕੂਲ ਵਿਚ ਹੋਣ ਜਾਂ ਘਰ ਵਿਚ। ਸਕੂਲ ਵਿਚ ਜ਼ਿਆਦਾਤਰ ਬੱਚਿਆਂ ਨੂੰ ਸਜਾ ਦੇ ਤੌਰ 'ਤੇ ਜਾਂ ਤਾਂ ਬੈਂਚ 'ਤੇ ਖੜ੍ਹੇ ਕਰ ਦਿੱਤਾ ਜਾਂਦਾ ਹੈ ਜਾਂ ਕਲਾਸ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਪਰ ਚੀਨ ਦੇ ਇਕ ਅਧਿਆਪਕ ਨੇ ਸ਼ੋਰ ਮਚਾਉਣ ਵਾਲੇ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਤਰੀਕਾ ਅਪਨਾਇਆ, ਜੋ ਬਾਕੀ ਤਰੀਕਿਆਂ ਤੋਂ ਵੱਖ ਅਤੇ ਅਸਰਦਾਰ ਸੀ।
ਮਾਮਲਾ ਚੀਨ ਦੇ ਹੁਨਾਨ ਸੂਬੇ ਦੇ ਮੈਡੀਕਲ ਕਾਲਜ ਦਾ ਹੈ। ਇੱਥੇ ਝਾਂਗ ਨਾਂ ਦੇ ਅਧਿਆਪਕ ਨੇ ਸ਼ੋਰ ਮਚਾਉਂਦੇ ਹੋਏ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਲਈ ਇਕ ਵਿਲੱਖਣ ਤਰੀਕਾ ਅਪਨਾਇਆ। ਅਸਲ ਵਿਚ ਇਹ ਵਿਦਿਆਰਥੀ ਅਧਿਆਪਕ ਦੇ ਮਨਾ ਕਰਨ ਦੇ ਬਾਵਜੂਦ ਲਗਾਤਾਰ ਸ਼ੋਰ ਮਚਾ ਰਹੇ ਸਨ। ਅਧਿਆਪਕ ਨੇ ਪਹਿਲਾਂ ਤਾਂ ਚਿਤਾਵਨੀ ਦੇ ਕੇ ਸ਼ਾਂਤ ਰਹਿਣ ਲਈ ਕਿਹਾ ਪਰ ਵਿਦਿਆਰਥੀ ਸ਼ੋਰ ਮਚਾਉਣ ਤੋਂ ਬਾਜ ਨਹੀਂ ਸਨ ਆ ਰਹੇ। ਅਜਿਹੀ ਸਥਿਤੀ ਵਿਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਸ਼ੈਤਾਨੀ ਕਰ ਰਹੇ ਵਿਦਿਆਰਥੀਆਂ ਨੂੰ ਕਲਾਸ ਦੇ ਬਾਹਰ ਬਿਠਾਇਆ ਅਤੇ ਉਨ੍ਹਾਂ ਸਾਹਮਣੇ 50 ਕਿਲੋ ਸੂਰਜਮੁਖੀ ਦੇ ਬੀਜ ਰੱਖ ਦਿੱਤੇ। ਸਜ਼ਾ ਇਹ ਸੀ ਕਿ ਵਿਦਿਆਰਥੀਆਂ ਨੇ ਸਾਰੇ ਬੀਜ ਖਾ ਕੇ ਖਤਮ ਕਰਨੇ ਸਨ।
ਜਿਨ੍ਹਾਂ 16 ਵਿਦਿਆਰਥੀਆਂ ਨੂੰ ਇਹ ਸਜ਼ਾ ਦਿੱਤੀ ਗਈ ਸੀ, ਉਨ੍ਹਾਂ ਨੇ ਪਹਿਲਾਂ ਤਾਂ ਆਪਣੀ ਜਿੱਦ ਵਿਚ ਸਾਰੇ ਬੀਜ ਖਤਮ ਕਰਨ ਦਾ ਫੈਸਲਾ ਕੀਤਾ ਪਰ ਕੁਝ ਦੇਰ ਮਗਰੋਂ ਹੀ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਸਜ਼ਾ ਪੂਰੀ ਕਰਨਾ ਮੁਸ਼ਕਲ ਹੈ। ਇਸ ਮਗਰੋਂ ਉਨ੍ਹਾਂ ਵਿਦਿਆਰਥੀਆਂ ਨੇ ਅਧਿਆਪਕ ਤੋਂ ਮਾਫੀ ਮੰਗੀ ਅਤੇ ਭੱਵਿਖ ਵਿਚ ਕਲਾਸ ਵਿਚ ਸ਼ੈਤਾਨੀ ਨਾ ਕਰਨ ਦਾ ਵਾਅਦਾ ਕੀਤਾ। ਅਧਿਆਪਕ ਨੇ ਵੀ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਮਾਫ ਕਰ ਦਿੱਤਾ।