ਸਿਡਨੀ 'ਚ ਬੇਕਾਬੂ ਹੋਈ ਬੱਸ ਨੇ ਤੋੜੀਆਂ ਘਰਾਂ ਦੀਆਂ ਕੰਧਾਂ, ਵਾਲ-ਵਾਲ ਬਚੇ ਲੋਕ

09/16/2017 12:19:23 PM

ਸਿਡਨੀ— ਉੱਤਰੀ-ਪੱਛਮੀ ਸਿਡਨੀ 'ਚ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਇਕ ਬੇਕਾਬੂ ਬੱਸ ਇਕ ਘਰ  ਦੀ ਕੰਧ ਨੂੰ ਤੋੜਦੀ ਹੋਈ ਦੋ ਘਰਾਂ ਅੰਦਰ ਦਾਖਲ ਹੋ ਗਈ, ਜਿਸ ਕਾਰਨ 3 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਦੀ ਦੁਪਹਿਰ ਨੂੰ ਵਾਪਰਿਆ। ਇਹ ਬੱਸ ਸਿਡਨੀ ਦੇ ਐਪੀਪਿੰਗ ਰੋਡ 'ਤੇ ਜਾ ਰਹੀ ਸੀ ਕਿ ਅਚਾਨਕ ਬੇਕਾਬੂ ਹੋ ਕੇ ਸੜਕ ਤੋਂ ਉਤਰ ਕੇ ਇਕ ਘਰ ਦੇ ਵਿਹੜੇ 'ਚ ਦਾਖਲ ਹੁੰਦੀ ਹੋਈ ਦੋ ਘਰਾਂ 'ਚ ਜਾ ਵੜੀ। ਜਿਸ ਕਾਰਨ ਇਕ ਘਰ ਦੀ ਛੱਤ ਅਤੇ ਦੋ ਕੰਧਾਂ ਟੁੱਟ ਗਈਆਂ। 


ਇਸ ਹਾਦਸੇ ਕਾਰਨ ਇਕ ਘਰ 'ਚ ਮੌਜੂਦ ਦੋ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਤਰ੍ਹਾਂ ਇਕ ਹੋਰ ਘਰ 'ਚ ਮੌਜੂਦ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਉਸ ਨੂੰ ਇਲਾਜ ਦੀ ਲੋੜ ਨਹੀਂ ਸੀ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੌਰਾਨ ਬੱਸ 'ਚ ਕੋਈ ਵੀ ਯਾਤਰੀ ਸਵਾਰ ਨਹੀਂ ਸੀ। ਬੱਸ ਦੇ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿੱਥੇ ਉਸ ਦਾ ਖੂਨ ਅਤੇ ਯੂਰਿਨ ਟੈਸਟ ਕੀਤਾ ਜਾਵੇਗਾ। 
ਮੀਡੀਆ ਵਲੋਂ ਘਟਨਾ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਤਸਵੀਰਾਂ 'ਚ ਦਿਖਾਇਆ ਗਿਆ ਹੈ ਕਿ ਬੱਸ ਨੇ ਇਕ ਘਰ ਦੀ ਛੱਤ ਅਤੇ ਕੰਧ ਨੂੰ ਤੋੜਦੇ ਹੋਏ ਵਿਹੜੇ ਅੰਦਰ ਦਾਖਲ ਹੋ ਗਈ। ਇਸ ਤੋਂ ਬਾਅਦ ਬੱਸ ਦੇ ਦੋ ਗੁਆਂਢੀਆਂ ਦੇ ਘਰਾਂ ਦੀਆਂ ਕੰਧਾਂ ਵੀ ਤੋੜ ਦਿੱਤੀ। ਇਸ ਹਾਦਸੇ ਤੋਂ ਬਾਅਦ ਐਪੀਪਿੰਗ ਰੋਡ 'ਤੇ ਆਵਾਜਾਈ ਰੁੱਕ ਗਈ ਅਤੇ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਅਧਿਕਾਰੀ ਪੁੱਜੇ। ਪੁਲਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।