ਇਟਲੀ ''ਚ ਅਫੀਮ ਦੇ ਸਹਾਰੇ ਪੰਜਾਬੀ, ਅਜਿਹੀ ਗੁਲਾਮੀ ਭਰੀ ਜ਼ਿੰਦਗੀ ਜਿਊਣ ਲਈ ਹਨ ਮਜਬੂਰ

07/20/2017 4:19:04 PM

ਰੋਮ—ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਪੰਜਾਬੀਆਂ ਨੂੰ ਹੱਢ ਤੋੜਵੀਂ ਮਿਹਨਤ ਸਦਕਾ ਹੀ ਸਫਲਤਾਵਾਂ ਹਾਸਲ ਹੁੰਦੀਆਂ ਹਨ ਪਰ ਕਈ ਪੰਜਾਬੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਇਟਲੀ ਗਏ ਕੁਝ ਨੌਜਵਾਨਾਂ ਨੇ ਆਪਣਾ ਨਾਂ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਇਥੇ ਆਪਣੇ ਦਿਨ ਦੀ ਸ਼ੁਰੂਆਤ ਅਫ਼ੀਮ ਨਾਲ ਕਰਦੇ ਹਨ ਅਤੇ ਰਾਤ ਪੈਣ 'ਤੇ ਹੈਰੋਇਨ ਲੈਂਦੇ ਹਨ। ਉਹ ਰੋਜ਼ਾਨਾ 13 ਘੰਟੇ ਖੇਤਾਂ 'ਚ ਜੀ-ਤੋੜ ਮਿਹਨਤ ਕਰਦੇ ਹਨ। ਇਟਲੀ 'ਚ ਰੋਮ ਦੇ ਦੱਖਣ 'ਚ ਪੌਨਟਾਈਨ ਮਾਰਸ਼ਸ 'ਚ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਹਜ਼ਾਰਾਂ ਭਾਰਤੀ ਕਾਮੇ ਸ਼ਿਕਾਰ ਹੋ ਰਹੇ ਹਨ।30 ਸਾਲਾ ਅਮਨਦੀਪ (ਨਕਲੀ ਨਾਂ) ਨੇ 'ਥੌਮਸਨ ਰਾਇਟਰਜ਼ ਫਾਊਂਡੇਸ਼ਨ' ਨੂੰ ਦੱਸਿਆ, 'ਗਰਮੀ 'ਚ ਦਿਨ ਬਹੁਤ ਤੱਪਦਾ ਹੈ। ਪਿੱਠ ਬੁਰੀ ਤਰ੍ਹਾਂ ਦਰਦ ਕਰਨ ਲੱਗ ਜਾਂਦੀ ਹੈ। ਮਾੜੀ ਜਿਹੀ ਅਫੀਮ ਤੁਹਾਨੂੰ ਥੱਕਣ ਨਹੀਂ ਦਿੰਦੀ। ਜ਼ਿਆਦਾ ਖਾਣ ਨਾਲ ਨੀਂਦ ਆ ਜਾਂਦੀ ਹੈ। ਉਹ ਸਿਰਫ ਕੰਮ ਕਰਨ ਵਾਸਤੇ ਥੋੜ੍ਹੀ ਜਿਹੀ ਖਾਂਦਾ ਸੀ।
ਜਾਣਕਾਰੀ ਮੁਤਾਬਕ ਪੌਨਟਾਈਨ ਮਾਰਸ਼ਸ 'ਚ ਤਕਰੀਬਨ 30 ਹਜ਼ਾਰ ਭਾਰਤੀ, ਮੁੱਖ ਤੌਰ 'ਤੇ ਪੰਜਾਬ ਦੇ ਸਿੱਖ ਨੌਜਵਾਨ ਰਹਿੰਦੇ ਹਨ। ਇਟਲੀ ਦੇ ਫਾਸ਼ੀਵਾਦੀ ਹਕੂਮਤ ਨੇ ਸਾਲ 1930 'ਚ ਇਸ ਖੇਤਰ 'ਚ ਖੇਤੀ ਕਰਾਉਣੀ ਸ਼ੁਰੂ ਕੀਤੀ ਸੀ। ਏਜੰਟਾਂ ਵਲੋਂ ਚੰਗੀ ਨੌਕਰੀ ਦੇ ਖਿਆਲੀ ਮਹਿਲ ਦਿਖਾ ਕੇ ਭਾਰਤੀ ਕਾਮਿਆਂ ਨੂੰ ਇਥੇ ਲਿਆਂਦਾ ਗਿਆ ਅਤੇ ਪਿਛਲੇ ਇਕ ਦਹਾਕੇ ਤੋਂ ਬਿਨਾਂ ਮਿਹਨਤਾਨਾ ਦਿੱਤੇ ਕਰਜ਼ੇ ਉਤਾਰਨ ਬਦਲੇ ਕੰਮ ਲਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਇਸ ਨੂੰ ਕਰਜ਼ ਗੁਲਾਮੀ ਵਜੋਂ ਜਾਣਿਆ ਜਾਂਦਾ ਹੈ। 'ਵਾਕ ਫਰੀ ਫਾਊਂਡੇਸ਼ਨ ਨੇ 2016 'ਚ ਦੱਸਿਆ ਸੀ ਕਿ ਇਕ ਅੰਦਾਜ਼ੇ ਮੁਤਾਬਕ ਆਲਮੀ ਪੱਧਰ 'ਤੇ ਤਕਰੀਬਨ 46 ਕਰੋੜ ਲੋਕ ਗੁਲਾਮ ਹਨ।
ਭਾਰਤੀ ਕਾਮੇ ਇਟਲੀ 'ਚ ਪਿੰਡਾਂ ਤੇ ਸਮੁੰਦਰ ਕੰਢੇ ਰਹਿੰਦੇ ਕਸਬਿਆਂ 'ਚ ਰਹਿੰਦੇ ਹਨ, ਜਿਥੇ ਰੋਮ ਵਾਸੀ ਛੁੱਟੀਆਂ ਮਨਾਉਣ ਆਉਂਦੇ ਹਨ, ਪਰ ਉਹ ਇਕੱਲਤਾ ਦਾ ਜੀਵਨ ਜਿਉਂਦੇ ਹਨ। ਇਨ੍ਹਾਂ 'ਚੋਂ ਕੋਈ ਟਾਵਾਂ ਹੀ ਥੋੜ੍ਹੀ ਬਹੁਤ ਇਟਾਲੀਅਨ ਬੋਲਣੀ ਜਾਣਦੈ। ਉਹ ਇਕੱਠੇ ਖੇਤਾਂ ਅਤੇ ਸਬਜ਼ੀਆਂ ਉਗਾਉਣ ਵਾਲੇ ਪੋਲੀਹਾਊਸਾਂ 'ਚ ਦਿਨ ਕੱਟ ਰਹੇ ਹਨ। ਕਾਮਿਆਂ, ਡਾਕਟਰਾਂ, ਪੁਲਸ ਤੇ ਅਧਿਕਾਰਾਂ ਬਾਰੇ ਜਥੇਬੰਦੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਾ ਕਿ ਬਹੁਤ ਘੱਟ ਮਿਹਨਤਾਨਾ, ਰਹਿਣ-ਸਹਿਣ ਦੇ ਮਾੜੇ ਹਾਲਾਤ ਅਤੇ ਦਿਨ 'ਚ ਕਈ ਘੰਟੇ ਕੰਮ ਕਰਨਾ, ਨਸ਼ੇ ਲੈਣ ਵਾਲੇ ਕਾਮਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜ਼ਿਆਦਾਤਰ ਪੋਸਤ ਦੇ ਡੋਡੇ ਚੱਬਦੇ ਹਨ, ਜਿਨ੍ਹਾਂ 'ਚ ਮਾਰਫੀਨ ਦੀ ਮਾਤਰਾ ਘੱਟ ਹੁੰਦੀ ਹੈ, ਪਰ ਕਈ ਅਮਨਦੀਪ ਵਰਗੇ ਵਧਦੇ-ਵਧਦੇ ਹੈਰੋਇਨ ਦੇ ਆਦੀ ਵੀ ਹੋ ਜਾਂਦੇ ਹਨ। 2016 'ਚ ਦੋ ਨਸ਼ਾ ਛੁਡਾਊ ਕੇਂਦਰਾਂ 'ਚ 20 ਭਾਰਤੀ ਭਰਤੀ ਹੋਏ ਸਨ ਅਤੇ ਇਸ ਵਾਰ ਇਹ ਗਿਣਤੀ ਵਧਣ ਦੇ ਆਸਾਰ ਹਨ। 
ਜ਼ਿਕਰਯੋਗ ਹੈ ਕਿ ਅਮਨਦੀਪ 2008 'ਚ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਇਟਲੀ ਆਇਆ ਸੀ। ਉਸ ਨੇ ਇਕ ਏਜੰਟ ਨੂੰ ਜਹਾਜ਼ ਦੀ ਟਿਕਟ ਤੇ ਯਾਤਰਾ ਦਸਤਾਵੇਜ਼ਾਂ ਲਈ 13 ਹਜ਼ਾਰ ਡਾਲਰ ਦਿੱਤੇ ਸਨ। ਅਮਨਦੀਪ ਨੇ ਅੱਧੀ ਰਾਸ਼ੀ ਦਿੱਤੀ ਤੇ ਬਾਕੀ ਲਈ ਏਜੰਟ ਤੋਂ ਕਰਜ਼ਾ ਲੈ ਲਿਆ ਸੀ, ਜਿਸ ਨੂੰ ਮੋੜਨ ਵਾਸਤੇ ਉਸ ਨੂੰ ਸੱਤ ਮਹੀਨੇ ਮੁਫ਼ਤ 'ਚ ਕੰਮ ਕਰਨਾ ਪਿਆ।     
ਖੇਤਾਂ 'ਚ ਮਜ਼ਦੂਰੀ ਕਰਨ ਵਾਲੇ ਕਾਮਿਆਂ ਨੂੰ ਘੰਟੇ ਦੇ ਹਿਸਾਬ ਨਾਲ 3-5 ਯੂਰੋ ਦਿੱਤੇ ਜਾਂਦੇ ਹਨ, ਜੋ ਘੱਟੋ-ਘੱਟ ਮਿਹਨਤਾਨਾ (8 ਯੂਰੋ) ਤੋਂ ਬਹੁਤ ਘੱਟ ਹੈ। ਕਾਮਿਆਂ ਦੀ ਨਿਗਰਾਨੀ ਲਈ ਗੈਂਗਮਾਸਟਰ ਰੱਖੇ ਜਾਂਦੇ ਹਨ, ਜੋ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਮੈਂਬਰ ਹੁੰਦੇ ਹਨ। ਇਹ ਫਾਰਮ ਮਾਲਕ ਤੇ ਮਜ਼ਦੂਰਾਂ ਵਿਚਾਲੇ ਕੜੀ ਦਾ ਕੰਮ ਕਰਦੇ ਹਨ। ਸਥਾਨਕ ਇੰਡੀਅਨ ਕਮਿਊਨਿਟੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ, 'ਜੇਕਰ ਫਾਰਮ ਮਾਲਕ 4 ਯੂਰੋ ਦਿੰਦਾ ਹੈ ਤਾਂ ਗੈਂਗਮਾਸਟਰ ਵਲੋਂ 3.80 ਯੂਰੋ ਹੀ ਦਿੱਤੇ ਜਾਂਦੇ ਹਨ ਤੇ ਬਾਕੀ ਆਪਣੀ ਜੇਬ 'ਚ ਪਾ ਲਏ ਜਾਂਦੇ ਹਨ।'ਕੰਮ ਨਾ ਮਿਲਣ ਡਰੋਂ ਜ਼ਿਆਦਾਤਰ ਮਜ਼ਦੂਰਾਂ ਵਲੋਂ ਹੱਕਾਂ ਲਈ ਆਵਾਜ਼ ਨਹੀਂ ਉਠਾਈ ਜਾਂਦੀ।