ਓਂਟਾਰੀਓ ਇੰਟਰਨੈੱਟ ਨੂੰ ਬੂਸਟ ਕਰਨ ਲਈ ਖਰਚੇਗਾ 680 ਮਿਲੀਅਨ ਡਾਲਰ

11/06/2020 3:30:13 PM

ਟੋਰਾਂਟੋ-  ਕੋਰੋਨਾ ਸੰਕਟ ਦੌਰਾਨ ਸਕੂਲ, ਕਾਲਜ ਤੇ ਕਈ ਹੋਰ ਸੁਵਿਧਾਵਾਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਇੰਟਰਨੈੱਟ ਦੀ ਮਦਦ ਨਾਲ ਲੋਕ ਪ੍ਰੇਸ਼ਾਨੀਆਂ 'ਚੋਂ ਬਾਹਰ ਆਏ। ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਬਹੁਤ ਖਰਾਬ ਹੋ ਜਾਂਦੀ ਜੇਕਰ ਸਾਡੇ ਕੋਲ ਇੰਟਰਨੈੱਟ ਦੀ ਸਹੂਲਤ ਨਾ ਹੁੰਦੀ। ਓਂਟਾਰੀਓ ਸਰਕਾਰ ਨੇ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਦੀ ਅਹਿਮੀਅਤ ਸਮਝਦਿਆਂ ਹੋਰ ਸਹੂਲਤਾਂ ਵਧਾਉਣ ਲਈ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। 

ਸੂਬੇ ਦੇ ਮੁੱਖ ਮੰਤਰੀ ਡਗ ਫੋਰਡ ਨੇ ਮਿਲਡਨ ਹਿਲਜ਼ ਖੇਤਰ ਵਿਚ ਇਸ ਸਬੰਧੀ ਐਲਾਨ ਕੀਤਾ। ਇਸ ਦੌਰਾਨ ਵਿੱਤ ਮੰਤਰੀ, ਬੁਨਿਆਦੀ ਢਾਂਚਾ ਮੰਤਰੀ ਤੇ ਖਜ਼ਾਨਾ ਮੰਤਰੀ ਵੀ ਸ਼ਾਮਲ ਸਨ। ਮੁੱਖ ਮੰਤਰੀ ਦਾ ਇਹ ਐਲਾਨ ਹਰੇਕ ਨੂੰ ਖੁਸ਼ੀ ਦੇਣ ਵਾਲਾ ਹੈ। ਵੱਡੀ ਗਿਣਤੀ ਵਿਚ ਲੋਕਾਂ ਨੇ ਕੋਰੋਨਾ ਸੰਕਟ ਕਾਲ ਦੌਰਾਨ ਘਰ ਤੋਂ ਹੀ ਕੰਮ ਕੀਤਾ ਤੇ ਇਸ ਵਿਚ ਅਹਿਮ ਭੂਮਿਕਾ ਇੰਟਰਨੈੱਟ ਦੀ ਹੀ ਸੀ। ਕਈ ਕਾਰੋਬਾਰ ਬਿਲਕੁਲ ਠੱਪ ਹੋ ਸਕਦੇ ਸਨ, ਜੇਕਰ ਇੰਟਰਨੈੱਟ ਦੀ ਸੁਵਿਧਾ ਨਾ ਹੁੰਦੀ। ਇਸ ਲਈ ਇਸ ਦੀ ਮਹੱਤਤਾ ਨੂੰ ਸਮਝਦਿਆਂ ਇੰਟਰਨੈੱਟ ਸੁਵਿਧਾਵਾਂ ਨੂੰ ਹੋਰ ਤੇਜ਼ ਕਰਨ ਲਈ ਸਰਕਾਰ ਕੰਮ ਕਰ ਰਹੀ ਹੈ। 

ਓਂਟਾਰੀਓ ਵਿਚ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਅਜੇ ਵੀ ਵੱਡੀ ਗਿਣਤੀ ਵਿਚ ਲੋਕਾਂ ਦਾ ਕੰਮ ਘਰੋਂ ਹੀ ਚੱਲ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਕ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਅਜੇ ਵੀ 12 ਫੀਸਦੀ ਓਂਟਾਰੀਓ ਵਾਸੀਆਂ ਭਾਵ 1.4 ਮਿਲੀਅਨ ਲੋਕਾਂ ਕੋਲ ਵਧੀਆ ਸਪੀਡ ਵਾਲਾ ਨੈੱਟ ਉਪਲਬਧ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਕੰਮ ਦੌਰਾਨ ਕਾਫੀ ਪ੍ਰੇਸ਼ਾਨੀਆਂ ਹੁੰਦੀਆਂ ਹਨ। 

Lalita Mam

This news is Content Editor Lalita Mam