24 ਦਸੰਬਰ ਤੋਂ ਓਂਟਾਰੀਓ ਵਾਸੀਆਂ ਨੂੰ ਰਹਿਣਾ ਪਵੇਗਾ ਸਖ਼ਤ ਪਾਬੰਦੀਆਂ ''ਚ : ਸੂਤਰ

12/21/2020 1:34:06 PM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕ੍ਰਿਸਮਸ ਈਵ ਤੋਂ ਪੂਰੀ ਤਰ੍ਹਾਂ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ। ਸੂਤਰਾਂ ਮੁਤਾਬਕ 24 ਦਸੰਬਰ ਦੀ ਸਵੇਰ ਤੋਂ ਅਗਲੇ 28 ਦਿਨਾਂ ਲਈ ਪੂਰੀ ਤਾਲਾਬੰਦੀ ਰਹੇਗੀ। 

ਇਹ ਤਾਲਾਬੰਦੀ ਉਸੇ ਤਰ੍ਹਾਂ ਹੋਵੇਗੀ, ਜਿਵੇਂ ਮਾਰਚ ਵਿਚ ਸੂਬਾ ਦੇਖ ਚੁੱਕਾ ਹੈ। ਇਸ ਦੌਰਾਨ ਬੇਹੱਦ ਜ਼ਰੂਰੀ ਸਮਾਨਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ। ਇਸੇ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਹੋਈਆਂ ਸਰਦੀਆਂ ਦੀਆਂ ਛੁੱਟੀਆਂ ਨੂੰ ਵਧਾ ਦਿੱਤਾ ਗਿਆ ਹੈ।  ਟੋਰਾਂਟੋ ਨੇ ਅਜੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਹ ਕਦੋਂ ਤੱਕ ਸਕੂਲ ਬੰਦ ਰੱਖੇਗਾ।

ਟੋਰਾਂਟੋ, ਪੀਲ ਰੀਜਨ, ਯਾਰਕ ਰੀਜਨ ਅਤੇ ਵਿੰਡਸਰ-ਐਸੈਕਸ ਵਿਚ ਪਹਿਲਾਂ ਹੀ ਤਾਲਾਬੰਦੀ ਲਾਗੂ ਹੈ। ਹਮਿਲਟਨ ਵੀ ਗ੍ਰੇ ਜ਼ੋਨ ਵਿਚ ਸ਼ਾਮਲ ਹੋ ਚੁੱਕਾ ਹੈ। ਮੁੱਖ ਮੰਤਰੀ ਫੋਰਡ ਨੇ ਇਸ਼ਾਰਾ ਦਿੱਤਾ ਹੈ ਕਿ ਤਾਲਾਬੰਦੀ ਲਾਗੂ ਹੋਣ ਜਾ ਰਹੀ ਹੈ ਪਰ ਅਜੇ ਇਸ ਦੀ ਰਸਮੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਤੋਂ ਪਹਿਲਾਂ ਮਾਹਰ ਚਿਤਾਵਨੀ ਦੇ ਚੁੱਕੇ ਹਨ ਕਿ ਦਸੰਬਰ ਦੇ ਅਖੀਰ ਤੱਕ ਆਈ. ਸੀ. ਯੂ. ਵਿਚ 300 ਤੋਂ ਵੱਧ ਮਰੀਜ਼ ਭਰਤੀ ਹੋਇਆ ਕਰਨਗੇ ਅਤੇ ਜਨਵਰੀ ਦੇ ਅਖੀਰ ਤੱਕ ਇਹ ਗਿਣਤੀ 700 ਤੱਕ ਹੋ ਸਕਦੀ ਹੈ। ਇਸ ਸਮੇਂ 261 ਮਰੀਜ਼ ਆਈ. ਸੀ. ਯੂ. ਵਿਚ ਭਰਤੀ ਹਨ। 

Lalita Mam

This news is Content Editor Lalita Mam