ਓਂਟਾਰੀਓ ਸੂਬੇ ''ਚ ਕੋਰੋਨਾ ਦਾ ਧਮਾਕਾ, ਜੂਨ ਤੋਂ ਬਾਅਦ ਪਹਿਲੀ ਵਾਰ ਦਰਜ ਹੋਏ ਇੰਨੇ ਮਾਮਲੇ

09/15/2020 10:40:16 AM

ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ 'ਚ ਕੋਰੋਨਾ ਦਾ ਇਕ ਵਾਰ ਫਿਰ ਧਮਾਕਾ ਹੋਇਆ ਹੈ ਅਤੇ ਇੱਥੇ ਸੋਮਵਾਰ ਨੂੰ ਕੋਰੋਨਾ ਦੇ 313 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਜੂਨ ਤੋਂ ਬਾਅਦ ਪਹਿਲੀ ਵਾਰ ਕੋਰੋਨਾ ਦੇ ਇੰਨੇ ਵੱਧ ਮਾਮਲੇ ਦਰਜ ਹੋਏ ਹਨ। 5 ਜੂਨ ਨੂੰ ਸੂਬੇ ਵਿਚ ਕੋਰੋਨਾ ਦੇ 455 ਮਾਮਲੇ ਦਰਜ ਹੋਏ ਸਨ ਪਰ ਫਿਰ ਇਹ ਘਟਣੇ ਸ਼ੁਰੂ ਹੋ ਗਏ ਸਨ।   

ਸੂਬਾ ਸਿਹਤ ਮੰਤਰੀ ਦੇ ਯੂਨਿਟ ਵਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਓਂਟਾਰੀਓ ਵਿਚ ਬੀਤੇ 72 ਘੰਟਿਆਂ ਦੌਰਾਨ ਕੋਰੋਨਾ ਦੇ 675 ਮਾਮਲੇ ਦਰਜ ਹੋਏ ਹਨ। ਸਿਹਤ ਮੰਤਰੀ ਕ੍ਰਿਸਟੀਨਾ ਇਲੀਅਟ ਨੇ ਕਿਹਾ ਕਿ ਓਟਾਵਾ ਵਿਚ ਸੋਮਵਾਰ ਨੂੰ ਦਰਜ ਹੋਏ 80 ਫੀਸਦੀ ਮਾਮਲੇ ਟੋਰਾਂਟੋ, ਓਟਾਵਾ ਤੇ ਪੀਲ ਨਾਲ ਸਬੰਧਤ ਹਨ। ਟੋਰਾਂਟੋ ਵਿਚ 112, ਪੀਲ ਵਿਚ 71 ਅਤੇ ਓਟਾਵਾ ਵਿਚ 60 ਮਾਮਲੇ ਦਰਜ ਹੋਏ। ਕੋਰੋਨਾ ਪੀੜਤਾਂ ਵਿਚੋਂ ਦੋ-ਤਿਹਾਈ ਲੋਕਾਂ ਦੀ ਉਮਰ 40 ਸਾਲ ਤੋਂ ਘੱਟ ਹੈ।
 
24 ਘੰਟਿਆਂ ਦੌਰਾਨ ਸੂਬਾਈ ਲੈਬਜ਼ ਵਿਚ 30,000 ਲੋਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ। ਸਿਹਤ ਅਧਿਕਾਰੀ ਨੇ ਕਿਹਾ ਕਿ ਸਕੂਲਾਂ ਵਿਚ ਵਿਦਿਆਰਥੀਆਂ ਨੇ ਮੁੜ ਜਾਣਾ ਸ਼ੁਰੂ ਕਰ ਦਿੱਤਾ ਹੈ। ਇਸ ਲਈ ਉਨ੍ਹਾਂ ਨੂੰ ਵਧੇਰੇ ਧਿਆਨ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਪਹਿਲਾਂ ਵਾਂਗ ਤਾਲਾਬੰਦੀ ਹੋਵੇ, ਇਸ ਲਈ ਸਭ ਨੂੰ ਕੋਰੋਨਾ ਤੋਂ ਅਲਰਟ ਰਹਿਣ ਦੀ ਲੋੜ ਹੈ। 

Lalita Mam

This news is Content Editor Lalita Mam