ਤਾਲਿਬਾਨ ਦਾ ਸੱਤਾ 'ਚ ਇਕ ਸਾਲ, ਬੁਨਿਆਦੀ ਤੌਰ 'ਤੇ ਪੂਰੀ ਤਰ੍ਹਾਂ ਬਦਲ ਗਿਆ ਅਫ਼ਗਾਨਿਸਤਾਨ

08/15/2022 5:55:49 PM

ਕਾਬੁਲ : ਤਾਲਿਬਾਨ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਤੇ ਕਬਜ਼ਾ ਕੀਤੇ ਸੋਮਵਾਰ ਨੂੰ ਇਕ ਸਾਲ ਹੋ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਬੁਨਿਆਦੀ ਤੌਰ 'ਤੇ ਪੂਰੀ ਤਰ੍ਹਾਂ ਨਾਲ ਬਦਲ ਗਿਆ ਹੈ। ਇਸ ਮੌਕੇ ਤਾਲਿਬਾਨ ਲੜਾਕਿਆਂ ਨੇ ਪੈਦਲ, ਸਾਈਕਲਾਂ ਤੇ ਮੋਟਰਸਾਈਕਲਾਂ 'ਤੇ ਕਾਬੁਲ ਦੀਆਂ ਸੜਕਾਂ 'ਤੇ ਵਿਜੈ ਪਰੇਡ ਕੱਢੀ, ਜਿਸ 'ਚ ਕਈਆਂ ਨੇ ਰਾਈਫ਼ਲਾਂ ਵੀ ਚੁੱਕੀਆਂ ਹੋਈਆਂ ਸਨ। ਇਸ ਮੌਕੇ ਇਕ ਛੋਟੇ ਸਮੂਹ ਨੇ ਸਾਬਕਾ ਅਮਰੀਕੀ ਦੂਤਘਰ ਦੇ ਸਾਹਮਣੇ ਤੋਂ ਲੰਘਦਿਆਂ 'ਇਸਲਾਮ ਜ਼ਿੰਦਾਬਾਦ' ਤੇ 'ਅਮਰੀਕਾ ਮੁਰਦਾਬਾਦ' ਦੇ ਨਾਅਰੇ ਲਾਏ। ਅਫ਼ਗਾਨਿਸਤਾਨ 'ਚ ਇਕ ਸਾਲ ਵਿੱਚ ਬਹੁਤ ਕੁਝ ਬਦਲ ਗਿਆ ਹੈ।

ਆਰਥਿਕ ਤੰਗੀ ਨੇ ਲੱਖਾਂ ਹੋਰ ਅਫ਼ਗਾਨ ਨਾਗਰਿਕਾਂ ਨੂੰ ਗ਼ਰੀਬੀ ਵੱਲ ਧੱਕ ਦਿੱਤਾ ਹੈ। ਇਸ ਦੌਰਾਨ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ 'ਚ ਕੱਟੜਪੰਥੀਆਂ ਦਾ ਦਬਦਬਾ ਵੱਧਦਾ ਨਜ਼ਰ ਆ ਰਿਹਾ ਹੈ। ਸਰਕਾਰ ਨੇ ਕੁੜੀਆਂ ਤੇ ਔਰਤਾਂ ਲਈ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਪ੍ਰਧਾਨ ਕਰਨ 'ਤੇ ਪਾਬੰਦੀਆਂ ਲਗਾਈਆਂ ਹਨ,ਜਦਕਿ ਸ਼ੁਰੂ 'ਚ ਦੇਸ਼ ਨੇ ਇਸ ਦੇ ਉਲਟ ਵਾਅਦੇ ਕੀਤੇ ਸਨ। ਇੱਕ ਸਾਲ ਬਾਅਦ ਵੀ ਕੁੜੀਆਂ ਨੂੰ ਸਕੂਲ ਨਹੀਂ ਜਾਣ ਦਿੱਤਾ ਜਾਂਦਾ ਤੇ ਔਰਤਾਂ ਨੂੰ ਜਨਤਕ ਥਾਵਾਂ 'ਤੇ ਸਿਰ ਤੋਂ ਪੈਰਾਂ ਤੱਕ ਢੱਕ ਕੇ ਰੱਖਣਾ ਪੈਂਦਾ ਹੈ।

ਇੱਕ ਸਾਲ ਪਹਿਲਾਂ ਹਜ਼ਾਰਾਂ ਅਫ਼ਗਾਨ ਨਾਗਰਿਕ ਤਾਲਿਬਾਨ ਸ਼ਾਸਨ ਤੋਂ ਬਚਣ ਲਈ ਦੇਸ਼ ਛੱਡਣ ਲਈ ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੇ ਸਨ। ਅਮਰੀਕਾ ਨੇ 20 ਸਾਲ ਦੀ ਲੜਾਈ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਆਪਣੀ ਫੌਜ ਵਾਪਸ ਬੁਲਾ ਲਈ ਸੀ ਤੇ ਅਜਿਹੇ ਹਾਲਾਤ ਪੈਦਾ ਹੋਏ ਸਨ। ਇਸ ਮੌਕੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਦੇਸ਼ ਛੱਡਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਬਾਗੀਆਂ ਅੱਗੇ ਆਤਮ ਸਮਰਪਣ ਕਰਕੇ ਅਪਮਾਨ ਤੋਂ ਬਚਣਾ ਚਾਹੁੰਦੇ ਹਨ। ਉਸ ਨੇ ਸੀ. ਐਨ. ਐਨ. ਨੂੰ ਦੱਸਿਆ ਜਦੋਂ 15 ਅਗਸਤ, 2021 ਦੀ ਸਵੇਰ ਨੂੰ ਤਾਲਿਬਾਨ ਕਾਬੁਲ ਪਹੁੰਚੇ ਤਾਂ ਰਾਸ਼ਟਰਪਤੀ ਭਵਨ ਵਿੱਚ ਸਿਰਫ਼ ਉਹ ਹੀ ਬਚੇ ਸਨ, ਉਨ੍ਹਾਂ ਦੇ ਸਾਰੇ ਸੁਰੱਖਿਆ ਕਰਮਚਾਰੀ ਗਾਇਬ ਸਨ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha