ਲਾਸ ਏਂਜਲਸ ''ਚ ਹਰ 8 ਮਿੰਟ ''ਚ ਕੋਰੋਨਾ ਲੈ ਰਿਹੈ ਇਕ ਵਿਅਕਤੀ ਦੀ ਜਾਨ

01/10/2021 12:49:02 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੀ ਕਾਉਂਟੀ ਲਾਸ ਏਂਜਲਸ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਨਾਲ ਮੌਤਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਖੇਤਰ ਵਿਚ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਮੋਬਾਇਲ ਮੁਰਦਾ ਘਰਾਂ ਨੂੰ ਹਸਪਤਾਲਾਂ ਦੇ ਬਾਹਰ ਪਹਿਲਾਂ ਹੀ ਸਥਾਪਤ ਕਰ ਦਿੱਤਾ ਗਿਆ ਹੈ ਅਤੇ ਕਾਉਂਟੀ ਨੇ ਟਵਿੱਟਰ 'ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਇਰਸ ਦੀ ਵਜ੍ਹਾ ਨਾਲ ਲਾਸ ਏਂਜਲਸ ਕਾਉਂਟੀ ਵਿਚ ਹਰ 8 ਮਿੰਟ "ਚ ਇਕ ਵਿਅਕਤੀ ਦੀ ਮੌਤ ਹੋ ਰਹੀ ਹੈ। 

ਲਾਸ ਏਂਜਲਸ ਵਿਚ ਫ਼ੌਜੀ ਟੀਮਾਂ ਦੁਆਰਾ ਕੁੱਝ ਪ੍ਰਭਾਵਿਤ ਹਸਪਤਾਲਾਂ ਦੀ ਸਹਾਇਤਾ ਕਰਨ ਦੇ ਬਾਵਜੂਦ ਮੇਅਰ ਐਰਿਕ ਗੈਰਸੇਟੀ ਨੇ ਇਕ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਉਂਟੀ ਨੂੰ ਮਰੀਜ਼ਾਂ ਦੀ ਸਿਹਤ ਦੇਖਭਾਲ ਲਈ ਜਲਦੀ ਹੀ ਹੋਰ ਸਹਾਇਤਾ ਲੈਣੀ ਪੈ ਸਕਦੀ ਹੈ, ਜਿਸ ਲਈ ਮੇਅਰ ਨੇ ਦੇਸ਼ ਦੇ ਹੋਰ ਖੇਤਰਾਂ ਵਿਚੋਂ ਡਾਕਟਰ ਅਤੇ ਨਰਸਾਂ ਨੂੰ ਇਸ ਕਾਉਂਟੀ ਵਿਚ ਭੇਜਣ ਦੀ ਵੀ ਅਪੀਲ ਕੀਤੀ ਹੈ। 

 ਅਮਰੀਕਾ ਵਿਚ ਸ਼ੁੱਕਰਵਾਰ ਨੂੰ 2,83,000 ਤੋਂ ਵੱਧ ਨਵੇਂ ਮਾਮਲਿਆਂ ਨਾਲ 3500 ਮੌਤਾਂ ਦੀ ਰਿਪੋਰਟ ਕੀਤੀ ਗਈ ਹੈ। ਇਸ ਦੇ ਇਲਾਵਾ ਦੇਸ਼ ਵਿਚ ਟੀਕਾਕਰਨ ਦੀ ਪ੍ਰਕਿਰਿਆ ਜਾਰੀ ਹੈ, ਜਿਸ ਦੇ ਤਹਿਤ ਇਸ ਹਫ਼ਤੇ ਟੀਕੇ ਦੀ ਪਹਿਲੀ ਖੁਰਾਕ ਪ੍ਰਾਪਤ ਕਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਟੀਕਾਕਰਨ ਸੰਬੰਧੀ ਰਾਸ਼ਟਰਪਤੀ ਚੁਣੇ ਗਏ ਬਾਈਡੇਨ ਨੇ ਟੀਕੇ ਦੇ ਰੋਲ ਆਊਟ ਯਤਨ ਨੂੰ ਤੇਜ਼ ਕਰਨ ਦਾ ਵਾਅਦਾ ਕਰਦਿਆਂ ਕਿਹਾ ਕਿ ਉਹ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ  ਟੀਕੇ ਦੀਆਂ ਲੱਗਭਗ ਸਾਰੀਆਂ ਉਪਲੱਬਧ ਖੁਰਾਕਾਂ ਨੂੰ ਜਾਰੀ ਕਰ ਦੇਣਗੇ।
 

Lalita Mam

This news is Content Editor Lalita Mam