ਇੰਡੋਨੇਸ਼ੀਆਈ ਪੁਲਸ ਸਟੇਸ਼ਨ ਦੇ ਬਾਹਰ ਧਮਾਕਾ, ਇੱਕ ਅਧਿਕਾਰੀ ਦੀ ਮੌਤ

12/07/2022 12:31:16 PM

ਬੈਂਡੁੰਗ (ਭਾਸ਼ਾ) : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਪੁਲਸ ਸਟੇਸ਼ਨ ਦੇ ਬਾਹਰ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ। ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੁਸਲਿਮ ਦੇਸ਼ ਵਿੱਚ ਆਤਮਘਾਤੀ ਹਮਲਿਆਂ ਦੀ ਇੱਕ ਲੜੀ ਵਿੱਚ ਇਹ ਨਵਾਂ ਮਾਮਲਾ ਸੀ। ਬੈਂਡੁੰਗ ਪੁਲਸ ਮੁਖੀ ਅਸ਼ਵਿਨ ਸਿਪਯੁੰਗ ਨੇ ਕਿਹਾ ਕਿ ਇੱਕ ਵਿਅਕਤੀ ਨੇ ਮੋਟਰਸਾਈਕਲ 'ਤੇ ਅਸਤਾਨਾ ਅਨਯਾਰ ਪੁਲਸ ਸਟੇਸ਼ਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਜਿੱਥੇ ਪੁਲਸ ਅਧਿਕਾਰੀ ਸਵੇਰ ਦੀ ਸਭਾ ਲਈ ਕਤਾਰ ਵਿੱਚ ਖੜ੍ਹੇ ਸਨ, ਉਥੇ ਉਸ ਨੇ ਖ਼ੁਦ ਨੂੰ ਉਡਾ ਲਿਆ। 

ਪੱਛਮੀ ਜਾਵਾ ਪੁਲਸ ਦੇ ਬੁਲਾਰੇ ਇਬਰਾਹਿਮ ਟੋਮਪੋ ਨੇ ਕਿਹਾ ਕਿ ਉਸ ਵਿਅਕਤੀ ਨੇ ਪੁਲਸ ਸਟੇਸ਼ਨ ਵਿੱਚ ਦਾਖ਼ਲ ਹੁੰਦੇ ਸਮੇਂ ਆਪਣੇ ਵਿਸਫੋਟਕ ਵਿਚ ਧਮਾਕਾ ਕਰ ਦਿੱਤਾ, ਜਿਸ ਨਾਲ ਖੁਦ ਅਤੇ ਇੱਕ ਅਧਿਕਾਰੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ 6 ਹੋਰ ਅਧਿਕਾਰੀਆਂ ਅਤੇ ਇੱਕ ਨਾਗਰਿਕ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਸ ਅਜੇ ਵੀ ਪੱਛਮੀ ਜਾਵਾ ਦੇ ਬੈਂਡੁੰਗ ਸ਼ਹਿਰ ਵਿੱਚ ਹੋਏ ਹਮਲੇ ਦੀ ਜਾਂਚ ਕਰ ਰਹੀ ਹੈ।

ਕੱਟੜਪੰਥੀ ਸਮੂਹ ਨਾਲ ਸਬੰਧਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇੱਕ ਵੀਡੀਓ ਵਿੱਚ ਪੁਲਸ ਸਟੇਸ਼ਨ ਦੇ ਗੇਟ 'ਤੇ ਇੱਕ ਸੜਦੇ ਮੋਟਰਸਾਈਕਲ ਦੇ ਕੋਲ ਲਾਸ਼ ਦੇ ਅੰਗ ਖਿਲਰੇ ਹੋਏ ਦਿਖਾਈ ਦੇ ਰਹੇ ਹਨ। ਟੈਲੀਵਿਜ਼ਨ ਰਿਪੋਰਟਾਂ 'ਚ ਇਮਾਰਤ 'ਚੋਂ ਚਿੱਟਾ ਧੂੰਆਂ ਨਿਕਲਦਾ ਦਿਖਾਈ ਦਿੱਤਾ ਅਤੇ ਜ਼ੋਰਦਾਰ ਧਮਾਕੇ ਤੋਂ ਬਾਅਦ ਦਹਿਸ਼ਤ ਵਿਚ ਦੌੜਦੇ ਲੋਕਾਂ ਨੂੰ ਦਿਖਾਇਆ।

cherry

This news is Content Editor cherry