ਸੋਸ਼ਲ ਮੀਡੀਆ ''ਤੇ ਛਾਈ ਇਕ ਗ੍ਰਾਮ ਦੀ ਮੱਛੀ, ਹੋਇਆ ਟਿਊਮਰ ਦਾ ਆਪ੍ਰੇਸ਼ਨ

09/22/2019 2:13:13 PM

ਲੰਡਨ— ਇੰਗਲੈਂਡ ਦੇ ਵੈੱਟਸ ਵੈਟਰਨਰੀ ਹਸਪਤਾਲ ਦੇ ਡਾਕਟਰ ਨੇ ਇਕ ਗ੍ਰਾਮ ਮੱਛੀ ਦਾ ਆਪ੍ਰੇਸ਼ਨ ਕੀਤਾ, ਜਿਸ ਦੀਆਂ ਤਸਵੀਰਾਂ ਅੱਜ-ਕੱਲ ਸੋਸ਼ਲ ਮੀਡੀਆ 'ਤੇ ਟਰੈਂਡ 'ਚ ਹਨ। ਬ੍ਰਿਸਟਨ ਸਥਿਤ ਇਸ ਵੈਟਰਨਰੀ ਹਸਪਤਾਲ 'ਚ ਸੋਨਿਆ ਮਾਈਲਜ਼ ਨਾਂ ਦੀ ਇਕ ਡਾਕਟਰ ਨੇ ਮੋਲੀ ਨਸਲ ਦੀ ਇਕ ਗ੍ਰਾਮ ਦੀ ਗੋਲਡ ਫਿਸ਼ ਦੀ ਸਫਲ ਸਰਜਰੀ ਕੀਤੀ। ਮੱਛੀ ਦੇ ਪੇਟ 'ਚ ਟਿਊਮਰ ਸੀ, ਜਿਸ ਨੂੰ 40 ਮਿੰਟ ਦੇ ਆਪ੍ਰੇਸ਼ਨ ਮਗਰੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਗੋਲਡ ਫਿਸ਼ ਯੂ. ਕੇ. 'ਚ ਆਪ੍ਰੇਸ਼ਨ ਕਰਵਾਉਣ ਵਾਲੀ ਸਭ ਤੋਂ ਛੋਟੀ ਮਰੀਜ਼ ਬਣ ਗਈ ਹੈ। ਮੱਛੀ ਦਾ ਮਾਲਕ ਇਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਸਿਰਫ 89 ਰੁਪਏ ਦੀ ਮੱਛੀ ਨੂੰ ਠੀਕ ਕਰਵਾਉਣ ਲਈ 8,912 ਰੁਪਏ ਖਰਚ ਦਿੱਤੇ।

ਇਹ ਹਸਪਤਾਲ ਪਹਿਲਾਂ ਗਿਰਗਿਟ, ਕਿਰਲੀ, ਸੱਪ ਤੇ ਮਗਰਮੱਛ ਵਰਗੇ ਜੀਵਾਂ ਦਾ ਇਲਾਜ ਕਰ ਚੁੱਕਾ ਹੈ। ਸੋਨਿਆ ਮਾਈਲਜ਼ ਨੇ ਦੱਸਿਆ ਕਿ ਗੋਲਡ ਫਿਸ਼ ਦੇ ਮਾਲਕ ਨੂੰ ਉਸ ਦੇ ਗੁਆਂਢੀ ਨੇ ਕੁੱਝ ਹਫਤੇ ਪਹਿਲਾਂ ਇਹ ਮੱਛੀ ਗਿਫਟ ਕੀਤੀ ਸੀ। ਉਸ ਨੇ ਦੱਸਿਆ ਕਿ ਮੱਛੀ ਦਾ ਭਾਰ ਸਿਰਫ 0.03 ਔਂਸ (ਇਕ ਗ੍ਰਾਮ) ਸੀ। ਉਨ੍ਹਾਂ ਨੇ ਆਪ੍ਰੇਸ਼ਨ ਤੋਂ ਪਹਿਲਾਂ ਮੱਛੀ ਨੂੰ ਕੰਟੇਨਰ 'ਚ ਪਾ ਦਿੱਤਾ ਤੇ ਬਹੁਤ ਧਿਆਨ ਨਾਲ ਸਫਲ ਆਪ੍ਰੇਸ਼ਨ ਕੀਤਾ। ਆਪ੍ਰੇਸ਼ਨ ਮਗਰੋਂ ਉਸੇ ਦਿਨ ਉਸ ਨੂੰ ਛੁੱਟੀ ਦੇ ਦਿੱਤੀ ਗਈ।