ਇੰਡੋਨੇਸ਼ੀਆ ''ਚ ਭੂਚਾਲ ਕਾਰਨ 160 ਘਰ ਹੋਏ ਢਹਿ-ਢੇਰੀ, ਇਕ ਔਰਤ ਦੀ ਮੌਤ

07/15/2019 11:10:28 AM

ਜਕਾਰਤਾ— ਇੰਡੋਨੇਸ਼ੀਆ 'ਚ ਬੀਤੇ ਦਿਨ ਆਏ ਭੂਚਾਲ ਕਾਰਨ ਇਕ ਔਰਤ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਦੇ ਨਾਲ ਹੀ ਜਾਣਕਾਰੀ ਮਿਲੀ ਹੈ ਕਿ ਸੈਂਕੜੇ ਲੋਕ ਘਰੋਂ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਭੂਚਾਲ ਕਾਰਨ ਦੱਖਣੀ ਹਾਲਮੇਹਰਾ ਜ਼ਿਲੇ 'ਚ 160 ਘਰ ਢਹਿ ਗਏ ਅਤੇ ਇਕ ਘਰ ਦੇ ਮਲਬੇ 'ਚੋਂ ਇਕ ਔਰਤ ਦੀ ਲਾਸ਼ ਮਿਲੀ। ਐਤਵਾਰ ਨੂੰ ਇੰਡੋਨੇਸ਼ੀਆ ਦੇ ਮਲੁਕੁ ਟਾਪੂ 'ਤੇ ਸ਼ਾਮ 6.28 ਵਜੇ ਭੂਚਾਲ ਆਇਆ, ਜਿਸ ਦੀ ਤੀਬਰਤਾ 7.3 ਮਾਪੀ ਗਈ।

ਬੇਘਰ ਹੋਏ ਲੋਕਾਂ ਨੂੰ ਸਕੂਲਾਂ 'ਚ ਸ਼ਰਣ ਲੈਣੀ ਪਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੀਆਂ ਗਰਾਊਂਡਾਂ 'ਚ ਲੋਕਾਂ ਨੂੰ ਰੱਖਿਆ ਗਿਆ ਹੈ। ਇੱਥੇ ਹੀ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਅਤੇ ਖਾਣ-ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਲੋਕ ਡਰ ਕਾਰਨ ਆਪਣੇ ਘਰਾਂ ਨੂੰ ਵਾਪਸ ਨਹੀਂ ਜਾ ਰਹੇ, ਹਾਲਾਂਕਿ ਉਨ੍ਹਾਂ ਦੇ ਘਰ ਠੀਕ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਤਕ 52 ਵਾਰ ਭੂਚਾਲ ਦੇ ਹਲਕੇ ਝਟਕੇ ਲੱਗੇ ਹਨ। ਲੋਕਲ ਸਰਕਾਰੀ ਅਧਿਕਾਰੀਆਂ ਵਲੋਂ ਲੋਕਾਂ ਨੂੰ ਭੋਜਨ ਦਿੱਤਾ ਜਾ ਰਿਹਾ ਹੈ ਤੇ ਹੋਰ ਮਦਦ ਦੇਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਇੱਥੇ 6.9 ਤੀਬਰਤਾ ਦਾ ਭੂਚਾਲ ਆਇਆ ਸੀ, ਹਾਲਾਂਕਿ ਉਸ ਸਮੇਂ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ।