ਇਕ ਅਜਿਹਾ ਬੈਂਕ ਜਿੱਥੇ ਸੰਭਾਲ ਕੇ ਰੱਖੇ ਗਏ ਹਨ ''1000 ਦਿਮਾਗ''

07/21/2017 9:51:58 AM

ਲੰਡਨ— ਬ੍ਰਿਟੇਨ ਦੇ ਬ੍ਰਿਸਟਲ ਵਿਚ ਸਥਿਤ ਸਭ ਤੋਂ ਵੱਡੇ ਬ੍ਰੇਨ ਬੈਂਕ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਬੈਂਕ ਵਿਚ ਕਰੀਬ 1000 ਦਿਮਾਗ ਸੰਭਾਲ ਕੇ ਰੱਖੇ ਗਏ ਹਨ। ਇਨ੍ਹਾਂ ਨੂੰ ਸਲਾਇਸਿੰਗ ਬੋਰਡ, ਪੈਕੇਟ ਅਤੇ ਟੈਸਟ ਟਿਊਬ ਵਿਚ ਸੁਰੱਖਿਅਤ ਰੱਖਿਆ ਗਿਆ ਹੈ। ਖਾਸ ਗੱਲ ਇਹ ਹੈ ਕਿ ਬੈਂਕ ਇਨ੍ਹਾਂ ਦਿਮਾਗ ਨੂੰ -150 ਡਿਗਰੀ ਦੇ ਤਾਪਮਾਨ ਵਿਚ ਸੰਭਾਲ ਕੇ ਰੱਖਦਾ ਹੈ।
ਇੱਥੇ ਮੌਜੂਦ ਸ਼ੋਧ ਕਰਤਾਵਾਂ ਨੂੰ ਉਮੀਦ ਹੈ ਕਿ ਇਨ੍ਹਾਂ ਦੇ ਜ਼ਰੀਏ ਉਹ ਡਿਮੇਂਸ਼ਿਆ ਅਤੇ ਕਈ ਗੰਭੀਰ ਬੀਮਾਰੀਆਂ ਦਾ ਇਲਾਜ ਕਰਨ ਵਿਚ ਸਫਲਤਾ ਹਾਸਲ ਕਰ ਸਕਣਗੇ। ਸਾਉਥਮੀਡ ਹਸਪਤਾਲ ਵਿਚ ਬੈਂਕ ਮੈਨੇਜਰ ਡਾਕਟਰ ਲਾਰਾ ਪਾਲਮਰ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਮਗਰੋਂ ਉਨ੍ਹਾਂ ਦੀ ਟੀਮ ਕੋਲ ਸਿਰਫ 72 ਘੰਟੇ ਹੁੰਦੇ ਹਨ ਜਿਸ ਵਿਚ ਉਹ ਦਿਮਾਗ ਨੂੰ ਸੁਰੱਖਿਅਤ ਰੂਪ ਨਾਲ ਬੈਂਕ ਲੈ ਕੇ ਆਉਂਦੇ ਹਨ ਅਤੇ ਉਸ ਨੂੰ ਸਟੋਰ ਕਰ ਕੂਲ ਬਾਕਸ ਵਿਚ ਰੱੱਖਿਆ ਜਾਂਦਾ ਹੈ।
ਇਸ ਮਗਰੋਂ ਇਸ ਦੇ ਦੋ ਹਿੱਸੇ ਕੀਤੇ ਜਾਂਦੇ ਹਨ। ਇਕ ਹਿੱਸੇ ਨੂੰ 3 ਹਫਤੇ ਤੱਕ ਫਾਰਮਲਿਨ ਵਿਚ ਰੱਖਿਆ ਜਾਂਦਾ ਹੈ ਤਾਂ ਜੋ ਉਹ ਖਰਾਬ ਨਾ ਹੋਵੇ ਜਦਕਿ ਦੂਜੇ ਹਿੱਸੇ 'ਤੇ ਸੋਧ ਕੀਤੀ ਜਾਂਦੀ ਹੈ। ਫਾਰਮਲਿਨ ਵਿਚ ਰੱਖੇ ਹਿੱਸੇ ਵਿਚੋਂ ਡਿਮੇਂਸ਼ਿਆ ਤੋਂ ਪ੍ਰਭਾਵਿਤ ਹਿੱਸੇ ਨੂੰ ਵੱਖ ਕਰ ਉਸ 'ਤੇ ਵੈਕਸ ਲਗਾਇਆ ਜਾਂਦਾ ਹੈ। ਇਸ ਮਗਰੋਂ ਸ਼ੋਧ ਕਰਤਾ ਮਾਈਕ੍ਰੋਸਕੋਪ ਵਿਚ ਅਧਿਐਨ ਕਰਦੇ ਹਨ। ਬ੍ਰਿਟੇਨ ਵਿਚ ਅਜਿਹੇ 10 ਬ੍ਰੇਨ ਬੈਂਕ ਹਨ।