ਬੀ. ਸੀ. ਚੋਣਾਂ ''ਚ ਇਸ ਵਾਰ ਵੀ ਇਤਿਹਾਸ ਰਚਣ ਤੋਂ ਖੁੰਝੇ ਦਸਤਾਰਧਾਰੀ ਸਿੱਖ

05/11/2017 4:26:19 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਵਿਚ ਇਕ ਵਾਰ ਫਿਰ ਦਸਤਾਰਧਾਰੀ ਸਿੱਖ ਇਤਿਹਾਸ ਰਚਣ ਤੋਂ ਖੁੰਝ ਗਏ ਹਨ। ਬੀ. ਸੀ. ਦੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਮੌਕਾ ਸੀ ਕਿ ਕੋਈ ਦਸਤਾਰਧਾਰੀ ਸਿੱਖ ਵਿਧਾਇਕ ਬਣ ਕੇ ਇਤਿਹਾਸ ਰਚਦਾ ਪਰ ਅਜਿਹਾ ਨਹੀਂ ਹੋ ਸਕਿਆ। ਇਸ ਪ੍ਰੋਵਿੰਸ ਵਿਚ 100 ਸਾਲਾਂ ਤੋਂ ਸਿੱਖ ਵਸੇ ਹੋਏ ਹਨ ਪਰ ਅੱਜ ਤੱਕ ਇਕ ਵੀ ਦਸਤਾਰਧਾਰੀ ਸਿੱਖ ਇੱਥੋਂ ਦੀ ਵਿਧਾਨ ਸਭਾ ਵਿਚ ਨਹੀਂ ਪਹੁੰਚ ਸਕਿਆ। 
 
ਦੋ ਦਸਤਾਰਧਾਰੀ ਸੀ ਚੋਣ ਮੈਦਾਨ ਵਿਚ—
ਇਸ ਸਾਲ ਕਈ ਦਸਤਾਰਧਾਰੀ ਇਸ ਰੁਝਾਨ ਨੂੰ ਤੋੜਨ ਲਈ ਚੋਣ ਮੈਦਾਨ ਵਿਚ ਸਨ। ਰਿਚਮੰਡ-ਕੁਈਨਜ਼ਬੋਰੋ ਤੋਂ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਅਮਨਦੀਪ ਸਿੰਘ ਅਤੇ ਸਰੀ-ਨਿਊਟਨ ਤੋਂ ਲਿਬਰਲ ਨੇਤਾ ਗੁਰਮਿੰਦਰ ਸਿੰਘ ਪਰਿਹਾਰ ਤੋਂ ਉਮੀਦਾਂ ਸਨ ਪਰ ਉਹ ਦੋਵੇਂ ਆਪਣੀ-ਆਪਣੀ ਸੀਟ ਨਹੀਂ ਬਚਾਅ ਸਕੇ। ਅਮਨਦੀਪ ਸਿੰਘ ਆਪਣੀ ਸੀਟ ਮਹਿਜ਼ ਇਕ ਫੀਸਦੀ ਵੋਟਾਂ ਨਾਲ ਜੱਸ ਜੌਹਲ ਤੋਂ ਹਾਰ ਗਏ ਜਦੋਂ ਕਿ ਗੁਰਮਿੰਦਰ ਸਿੰਘ ਐੱਨ. ਡੀ. ਪੀ. ਦੇ ਹੈਰੀ ਬੈਂਸ ਹੱਥੋਂ ਹਾਰ ਗਏ। ਹਾਲਾਂਕਿ ਜੌਹਲ ਅਤੇ ਬੈਂਸ ਦੋਵੇਂ ਸਿੱਖ ਹਨ ਪਰ ਦਸਤਾਰਧਾਰੀ ਨਹੀਂ ਹਨ। 
ਬ੍ਰਿਟਿਸ਼ ਕੋਲੰਬੀਆ ''ਚ ਕੈਨੇਡਾ ਦੀ ਸਿੱਖ ਵਸੋਂ ਦਾ 40 ਫੀਸਦੀ ਹਿੱਸਾ ਵੱਸਦਾ ਹੈ। ਹਾਲਾਂਕਿ ਇੱਥੇ ਉੱਜਲ ਦੁਸਾਂਝ ਦੇ ਰੂਪ ਵਿਚ ਸਿੱਖ ਪ੍ਰੀਮੀਅਰ ਵੀ ਰਹਿ ਚੁੱਕਾ ਹੈ ਪਰ ਉਹ ਦਸਤਾਰ ਨਹੀਂ ਸਜਾਉਂਦੇ ਸਨ। ਇਸ ਪ੍ਰੋਵਿੰਸ ''ਚੋਂ ਹਰਜੀਤ ਸਿੰਘ ਸੱਜਣ ਜਿੱਤ ਕੇ ਹਾਊਸ ਆਫ ਕਾਮਨਜ਼ ਵਿਚ ਪਹੁੰਚੇ ਅਤੇ ਕੈਨੇਡਾ ਦੇ ਰੱਖਿਆ ਮੰਤਰੀ ਬਣੇ ਪਰ ਬੀ. ਸੀ. ਦੀ ਵਿਧਾਨ ਸਭਾ ਵਿਚ ਕੋਈ ਦਸਤਾਰਧਾਰੀ ਸਿੱਖ ਨਹੀਂ ਚੁਣਿਆ ਗਿਆ। ਹੁਣ ਬੀ. ਸੀ. ਦੀ ਵਿਧਾਨ ਸਭਾ ਵਿਚ ਕਿਸੇ ਦਸਤਾਰਧਾਰੀ ਸਿੱਖ ਨੂੰ ਦੇਖਣ ਲਈ ਘੱਟੋ-ਘੱਟ ਅਗਲੀਆਂ ਚੋਣਾਂ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। 

Kulvinder Mahi

This news is News Editor Kulvinder Mahi