ਛੋਟੀ ਜਿਹੀ ਗੱਲ ''ਤੇ ਔਰਤ ਨੂੰ ਕੱਢਿਆ ਗਿਆ ਫਲਾਈਟ ਤੋਂ ਬਾਹਰ

02/21/2018 11:14:00 AM

ਲੰਡਨ (ਬਿਊਰੋ)— ਇੰਗਲੈਂਡ ਦੀ ਰਹਿਣ ਵਾਲੀ ਇਕ ਔਰਤ ਨੇ ਐਮੀਰੇਟਸ ਏਅਰਲਾਈਨਜ਼ 'ਤੇ ਦੋਸ਼ ਲਗਾਇਆ ਹੈ ਕਿ ਉਸ ਨੂੰ ਸਿਰਫ ਮਾਹਵਾਰੀ ਦੇ ਦਰਦ ਕਾਰਨ ਫਲਾਈਟ ਤੋਂ ਬਾਹਰ ਕਰ ਦਿੱਤਾ ਗਿਆ। ਔਰਤ ਨੇ ਦੱਸਿਆ ਕਿ ਜਦੋਂ ਉਹ ਮਾਹਵਾਰੀ ਕਾਰਨ ਹੁੰਦੇ ਦਰਦ ਬਾਰੇ ਆਪਣੇ ਸਾਥੀ ਨਾਲ ਗੱਲ ਕਰ ਰਰੀ ਸੀ ਤਾਂ ਇਕ ਫਲਾਈਟ ਅਟੈਂਡੈਂਟ ਨੇ ਉਸ ਨੂੰ ਸੁਣ ਲਿਆ ਸੀ। ਇਸ ਮਗਰੋਂ ਫਲਾਈਟ ਟੇਕ ਆਫ ਕਰਨ ਤੋਂ ਪਹਿਲਾਂ ਕਥਿਤ ਰੂਪ ਨਾਲ ਉਨ੍ਹਾਂ ਨੂੰ ਜਹਾਜ਼ ਤੋਂ ਬਾਹਰ ਕਰ ਦਿੱਤਾ ਗਿਆ।
ਇਹ ਹੈ ਪੂਰਾ ਮਾਮਲਾ


ਅਸਲ ਵਿਚ 24 ਸਾਲਾ ਬੇਥ ਇਵਾਂਸ ਆਪਣੇ 26 ਸਾਲਾ ਪ੍ਰੇਮੀ ਜੋਸ਼ੁਆ ਮੋਰਾਨ ਨਾਲ ਦੁਬਈ ਜਾ ਰਹੀ ਸੀ। ਉਨ੍ਹਾਂ ਨੇ ਇੰਗਲੈਂਡ ਦੇ ਬਰਮਿੰਘਮ ਤੋਂ ਦੁਬਈ ਲਈ ਐਮੀਰੇਟਸ ਫਲਾਈਟ ਲਈ ਸੀ। ਬੇਥ ਨੇ ਕਿਹਾ ਕਿ ਉਹ ਆਪਣੇ ਸਾਥੀ ਨੂੰ ਕਹਿ ਰਹੀ ਸੀ ਕਿ ਮਾਹਵਾਰੀ ਕਾਰਨ ਉਸ ਨੂੰ ਦਰਦ ਹੋ ਰਿਹਾ ਹੈ। ਬੇਥ ਮੁਤਾਬਕ ਉਸ ਦੀ ਇਸ ਗੱਲ ਨੂੰ ਇਕ ਫਲਾਈਟ ਅਟੈਂਡੈਂਟ ਨੇ ਸੁਣ ਲਿਆ ਅਤੇ ਦੋਹਾਂ ਨੂੰ ਜਹਾਜ਼ ਤੋਂ ਬਾਹਰ ਕਰ ਦਿੱਤਾ। ਬੇਥ ਨੇ ਕਿਹਾ ਕਿ ਉਸ ਨੇ ਫਲਾਈਟ ਕਰਮਚਾਰੀ ਨੂੰ ਕਿਹਾ ਕਿ ਉਸ ਨੂੰ ਜ਼ਿਆਦਾ ਦਰਦ ਨਹੀਂ ਹੋ ਰਿਹਾ ਪਰ ਮੌਕੇ 'ਤੇ ਡਾਕਟਰ ਦੀ ਮੌਜੂਦਗੀ ਦੇ ਬਿਨਾ ਹੀ ਦੋਹਾਂ ਨੂੰ ਸਫਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। 
ਫਲਾਈਟ ਨੇ ਦਿੱਤਾ ਇਹ ਜਵਾਬ
ਜਦੋਂ ਐਮੀਰੇਟਸ ਏਅਰਲਾਈਨਜ਼ ਤੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬੇਥ ਨੂੰ ਮੈਡੀਕਲ ਐਮਰਜੈਂਸੀ ਕਾਰਨ ਫਲਾਈਟ ਤੋਂ ਬਾਹਰ ਕੀਤਾ ਗਿਆ ਸੀ। ਕੰਪਨੀ ਵੱਲੋਂ ਜਾਰੀ ਕੀਤੇ ਗਏ ਇਕ ਪੱਤਰ ਵਿਚ ਕਿਹਾ ਗਿਆ,''ਯਾਤਰੀ ਨੇ ਸਾਨੂੰ ਦੱਸਿਆ ਕਿ ਉਸ ਨੂੰ ਦਰਦ ਹੋ ਰਿਹਾ ਹੈ ਅਤੇ ਉਸ ਦੀ ਤਬੀਅਤ ਠੀਕ ਨਹੀਂ ਹੈ। ਇਸੇ ਕਾਰਨ ਜਹਾਜ਼ ਦੇ ਕਪਤਾਨ ਨੇ ਮੈਡੀਕਲ ਮਦਦ ਲੈਣ ਦਾ ਫੈਸਲਾ ਲਿਆ।'' ਇਸ ਦੇ ਇਲਾਵਾ ਏਅਰਲਾਈਨਜ਼ ਨੇ ਕਿਹਾ ਕਿ ਸਾਡੇ ਲਈ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਐਮੀਰੇਟਸ ਏਅਰਲਾਈਨਜ਼ ਨੇ ਆਪਣੀ ਵੈਬਸਾਈਟ 'ਤੇ ਸਿਹਤ ਨੂੰ ਲੈ ਕੇ ਕਈ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਮੁਤਾਬਕ ਜਿਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਸੰਬੰਧੀ ਰੋਗ ਤੇ ਦਿਲ ਅਤੇ ਸਾਹ ਸੰਬੰਧੀ ਗੰਭੀਰ ਸਮੱਸਿਆਵਾਂ ਹਨ, ਉਨ੍ਹਾਂ ਨੂੰ ਫਲਾਈਟ ਵਿਚ ਸਫਰ ਨਹੀਂ ਕਰਨ ਦਿੱਤਾ ਜਾਵੇਗਾ। ਹਾਲਾਂਕਿ ਮਾਹਵਾਰੀ ਸੰਬੰਧੀ ਅਜਿਹਾ ਕੋਈ ਨਿਯਮ ਨਹੀਂ ਹੈ।