ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 645ਵੇਂ ਆਗਮਨ ਪੁਰਬ ਸਮਾਗਮ ਮੌਕੇ ਗੁਰੂ ਦੇ ਜੈਕਾਰਿਆਂ ਨਾਲ ਗੂੰਜਿਆ ਬਰੇਸ਼ੀਆ

04/19/2022 5:40:17 PM

ਰੋਮ (ਕੈਂਥ) ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਵਿਖੇ ਨਵੇਂ ਬਣੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਰਵਿਦਾਸ ਟੈਂਪਲ ਮਨੇਰਬੀਓ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦਾ 645ਵਾਂ ਜਨਮਦਿਨ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਰਖਾਏ ਗਏ ਸ੍ਰੀ ਅੰਮ੍ਰਿਤ ਬਾਣੀ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ। ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਬੀਬੀ ਭੁਪਿੰਦਰ ਕੌਰ ਵਿਚੈਂਸਾ ਵਾਲਿਆਂ ਦੇ ਕੀਰਤਨੀ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ ਮਿਲਾਨ ਮਿਊਜ਼ਿਕਲ ਗਰੁੱਪ ਦੇ ਕਲਾਕਾਰਾਂ ਜਿਨ੍ਹਾਂ ਵਿੱਚ ਪੰਮਾ ਲਧਾਣਾ ਪਰਮਜੀਤ ਬੰਗੜ ਅਤੇ ਬੀਬਾ ਸੋਨੀਆ ਕਲੇਰ ਆਦਿ ਨੇ ਗੁਰੂ ਜੀ ਦੇ ਜੀਵਨ ਮਿਸ਼ਨ ਨਾਲ ਸਬੰਧਿਤ ਗੀਤ ਪੇਸ਼ ਕਰਕੇ ਭਰਵੀਂ ਹਾਜਰੀ ਲੁਆਈ। 


ਇਸ ਮੌਕੇ ਕੇਸ਼ਵ ਢੰਡਾ ਚੇਅਰਮੈਨ ਗਲੋਬਲ ਰਵਿਦਾਸੀਆ ਵੈਲਫੇਅਰ ਐਸੋਸੀਏਸ਼ਨ ਭਾਰਤ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ  ਸਰਬਜੀਤ ਵਿਰਕ ਚੇਅਰਮੈਨ ਡਾ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਨੇ ਵੀ ਆਪਣੇ ਵੱਡਮੁੱਲੇ ਵਿਚਾਰ ਪ੍ਰਗਟ ਕੀਤੇ। ਇਥੇ ਵਰਨਣਯੋਗ ਹੈ ਕਿ ਜਿੱਥੇ ਇਲਾਕੇ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ, ਉੱਥੇ ਹੀ ਇਟਲੀ ਭਰ ਤੋਂ ਸ੍ਰੀ ਗੁਰੂ ਰਵਿਦਾਸ ਸਭਾਵਾਂ ਨੇ ਬੱਸਾਂ ਕਾਰਾਂ ਰਾਹੀਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਸ੍ਰੀ ਗੁਰੂ ਰਵਿਦਾਸ ਸਭਾ ਰਿਜੋਇਮੀਲੀਆ, ਸ੍ਰੀ ਗੁਰੂ ਰਵਿਦਾਸ ਟੈਂਪਲ ਵਰੋਨਾ, ਸ੍ਰੀ ਗੁਰੂ ਰਵਿਦਾਸ ਸਭਾ ਵਿਚੈਂਸਾ, ਸ੍ਰੀ ਗੁਰੂ ਰਵਿਦਾਸ ਸਭਾ ਮਾਨਤੋਵਾ ਅਤੇ ਸ੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਆਦਿ ਹਾਜ਼ਰ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਚੋਣਾਂ : ਭਾਰਤੀ ਮੂਲ ਦਾ ਵਿਵੀਅਨ ਰਾਕੇਸ਼ ਲੋਬੋ ਅਜਮਾਏਗਾ ਕਿਸਮਤ

ਇਸ ਮੌਕੇ ਪਹੁੰਚੀਆਂ ਸ਼ਕਸ਼ੀਅਤਾਂ ਦਾ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰੂ ਘਰ ਦੇ ਮੁੱਖ ਸੇਵਾਦਾਰ  ਅਮਰੀਕ ਦੌਲੀਕੇ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੁੱਚੀ ਸਟੇਜ਼ ਸੰਚਾਲਨ ਦੀ ਭੂਮਿਕਾ ਦੇਸ ਰਾਜ ਹੀਰ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਉਘੇ ਪੱਤਰਕਾਰ ਬਲਜੀਤ ਭੌਰਾ ਦਾ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Vandana

This news is Content Editor Vandana