ਇਰਾਕ ਨੂੰ ਭਰੋਸਾ ਦੇਣ ਪੋਂਪੀਓ ਪਹੁੰਚੇ ਬਗਦਾਦ

01/09/2019 8:53:32 PM

ਬਗਦਾਦ— ਸੀਰੀਆ 'ਚ ਅਮਰੀਕੀ ਫੌਜੀਆਂ ਦੀ ਵਾਪਸੀ ਨਾਲ ਸਹਿਯੋਗੀਆਂ 'ਚ ਪੈਦੀ ਹੋਈ ਚਿੰਤਾ ਦੇ ਵਿਚਾਲੇ ਪੱਛਮੀ ਏਸ਼ੀਆ ਦੀ ਲੰਬੀ ਯਾਤਰਾ 'ਤੇ ਨਿਕਲੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਚਾਨਕ ਬਗਦਾਦ ਪਹੁੰਚ ਗਏ, ਜਿਥੇ ਉਨ੍ਹਾਂ ਨੇ ਬੁੱਧਵਾਰ ਨੂੰ ਇਰਾਕੀ ਅਧਿਕਾਰੀਆਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਅਮਰੀਕਾ ਇਸਲਾਮਿਕ ਸਟੇਟ ਨਾਲ ਸੰਘਰਸ਼ ਕਰਨ ਲਈ ਵਚਨਬੱਧ ਹੈ।

ਦੋ ਹਫਤੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕ੍ਰਿਸਮਸ ਦੀ ਅਚਾਨਕ ਯਾਤਰਾ 'ਤੇ ਪੱਛਮੀ ਇਰਾਕ ਦੇ ਅਲ-ਅਸਦ ਹਵਾਈ ਟਿਕਾਣੇ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਅਮਰੀਕੀ ਫੌਜੀਆਂ ਨਾਲ ਮੁਲਾਕਾਤ ਕੀਤੀ ਸੀ। ਉਦੋਂ ਟਰੰਪ ਨੇ ਕਿਸੇ ਇਰਾਕੀ ਅਧਿਕਾਰੀ ਨਾਲ ਮੁਲਾਕਾਤ ਨਹੀਂ ਕੀਤੀ ਸੀ, ਜਿਸ ਕਾਰਨ ਉਨ੍ਹਾਂ ਦੀ ਤਿੱਖੀ ਨਿੰਦਾ ਹੋਈ ਸੀ। ਪੋਂਪੀਓ ਦੀ ਇਹ ਅਚਾਨਕ ਯਾਤਰਾ ਇਸੇ ਪਿੱਠਭੂਮੀ 'ਚ ਹੋ ਰਹੀ ਹੈ। ਬਗਦਾਦ 'ਚ ਪੋਂਪੀਓ ਨੇ ਇਰਾਕੀ ਪ੍ਰਧਾਨ ਮੰਤਰੀ ਆਦਿਲ ਅਬਦਲ ਮੇਹਦੀ ਤੇ ਰਾਸ਼ਟਰਪਤੀ ਬਰਹਮ ਸਾਲੇਹ ਸਣੇ ਕਈ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਪੋਂਪੀਓ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜੋ ਚੀਖ-ਚੀਖ ਕੇ ਇਰਾਕ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਬਾਰੇ ਪੁੱਛ ਰਹੇ ਸਨ ਪਰ ਇਰਾਕੀ ਰਾਸ਼ਟਰਪਤੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਦਾ ਦੇਸ਼ ਚਾਹੁੰਦਾ ਹੈ ਕਿ ਅਮਰੀਕੀ ਫੌਜੀ ਉਥੇ ਬਣੇ ਰਹਿਣ।

Baljit Singh

This news is Content Editor Baljit Singh